ਨਵੀਂ ਦਿੱਲੀ: ਭਾਰਤ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਕਰੋਨਾਵਾਇਰਸ ਦੇ ਇਕ ਲੱਖ ਤੋਂ ਘੱਟ ਨਵੇਂ ਕੇਸ ਆਏ ਹਨ। ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ 84,332 ਨਵੇਂ ਕੇਸ ਸਾਹਮਣੇ ਆਏ ਹਨ ਜੋ ਕਿ 70 ਦਿਨਾਂ ਦੌਰਾਨ ਇਕ ਦਿਨ ’ਚ ਸਾਹਮਣੇ ਆਉਣ ਵਾਲੇ ਸਭ ਤੋਂ ਘੱਟ ਕੇਸ ਹਨ। ਇਹ ਜਾਣਕਾਰੀ ਅੱਜ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਮਿਲੀ। ਇਨ੍ਹਾਂ ਨਵੇਂ ਕੇਸਾਂ ਨਾਲ ਦੇਸ਼ ਭਰ ਵਿਚ ਹੁਣ ਤੱਕ ਸਾਹਮਣੇ ਆਉਣ ਵਾਲੇ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 2,93,59,155 ਹੋ ਗਈ ਹੈ। ਇਸ ਤੋਂ ਇਲਾਵਾ ਪਿਛਲੇ 24 ਘੰਟਿਆਂ ਦੌਰਾਨ ਦੇਸ਼ ’ਚ ਹੋਈਆਂ 4,002 ਮੌਤਾਂ ਨਾਲ ਲਾਗ ਕਾਰਨ ਹੁਣ ਤੱਕ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ 3,67,081 ਹੋ ਗਈ ਹੈ। ਦੇਸ਼ ਵਿਚ ਇਸ ਵੇਲੇ ਐਕਟਿਵ ਕੇਸਾਂ ਦੀ ਗਿਣਤੀ ਘਟ ਕੇ 10,80,690 ਰਹਿ ਗਈ ਹੈ ਜੋ ਕਿ ਕੁੱਲ ਕੇਸਾਂ ਦਾ 3.68 ਫ਼ੀਸਦ ਹੈ ਜਦਕਿ ਮਰੀਜ਼ਾਂ ਦੇ ਠੀਕ ਹੋਣ ਦੀ ਕੌਮੀ ਦਰ ਸੁਧਰ ਕੇ 95.07 ਫ਼ੀਸਦ ਹੋ ਗਈ ਹੈ। ਭਾਰਤ ਵਿਚ ਐਕਟਿਵ ਕੇਸਾਂ ਦੀ ਗਿਣਤੀ 63 ਦਿਨਾਂ ਬਾਅਦ 11 ਲੱਖ ਤੋਂ ਹੇਠਾਂ ਆਈ ਹੈ। ਇਸੇ ਦੌਰਾਨ ਦੇਸ਼ ਵਿਚ ਕਰੋਨਾ ਦੀ ਰੋਜ਼ਾਨਾ ਪਾਜ਼ੇਟਿਵਿਟੀ ਦਰ 4.39 ਫ਼ੀਸਦ ਦਰਜ ਕੀਤੀ ਗਈ ਜੋ ਕਿ ਲਗਾਤਾਰ 19ਵੇਂ ਦਿਨ 10 ਫ਼ੀਸਦ ਤੋਂ ਹੇਠਾਂ ਰਹੀ। -ਪੀਟੀਆਈ