ਐਨਪੀ ਧਵਨ
ਪਠਾਨਕੋਟ, 12 ਜੂਨ
ਸੰਯੁਕਤ ਕਿਸਾਨ ਮੋਰਚਾ ਵਲੋਂ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਭਾਜਪਾ ਵਿਧਾਇਕ ਦਿਨੇਸ਼ ਸਿੰਘ ਬੱਬੂ ਦੇ ਘਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਲੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਕੇਵਲ ਕਾਲੀਆ, ਬਲਵੰਤ ਸਿੰਘ ਘੋਹ, ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ ਸੱਤਿਆ ਦੇਵ ਸੈਣੀ, ਕਾਮਰੇਡ ਨੱਥਾ ਸਿੰਘ, ਸੁਖਦੇਵ ਸਿੰਘ, ਨਿਰੰਜਨ ਸਿੰਘ, ਕਰਨੈਲ ਸਿੰਘ, ਮੰਗਲ ਸਿੰਘ, ਮਾਸਟਰ ਰਤਨ ਚੰਦ ਆਦਿ ਸ਼ਾਮਲ ਸਨ।
ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਜਦ ਕਿਸਾਨਾਂ ਦਾ ਸ਼ੁਰੂ ਵਿੱਚ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਇਸੇ ਹੀ ਵਿਧਾਇਕ ਦਿਨੇਸ਼ ਸਿੰਘ ਬੱਬੂ ਨੇ ਮੋਰਚੇ ਦੇ ਸੰਘਰਸ਼ ਨੂੰ ਫੇਲ੍ਹ ਕਰਨ ਲਈ ਇਸ ਇਲਾਕੇ ਵਿੱਚ ਟਰੈਕਟਰ ਮਾਰਚ ਕੀਤਾ ਸੀ ਅਤੇ ਪ੍ਰਚਾਰ ਕੀਤਾ ਸੀ ਕਿ ਜੋ ਕਾਨੂੰਨ ਬਣੇ ਹਨ, ਇਹ ਕਿਸਾਨਾਂ ਦੇ ਭਲੇ ਵਿੱਚ ਹਨ ਪਰ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਣ ਭਾਜਪਾ ਦੇ ਆਗੂਆਂ ਨੂੰ ਵੀ ਸਮਝ ਆਉਣੀ ਸ਼ੁਰੂ ਹੋ ਗਈ ਹੈ ਤੇ ਉਨ੍ਹਾਂ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਹ ਕਾਨੂੰਨ ਕਿਸਾਨਾਂ ਅਤੇ ਲੋਕਾਂ ਦੇ ਹਿਤ ਵਿੱਚ ਨਹੀਂ ਹਨ। ਪਹਿਲਾਂ ਮਾਸਟਰ ਮੋਹਨ ਲਾਲ, ਫਿਰ ਸਾਬਕਾ ਮੰਤਰੀ ਅਨਿਲ ਜੋਸ਼ੀ ਤੇ ਹੁਣ ਕੇਡੀ ਭੰਡਾਰੀ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਇਹ ਕਾਨੂੰਨ ਰੱਦ ਨਾ ਹੋਏ ਤਾਂ ਸਾਲ 2022 ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਭਾਜਪਾ ਦਾ ਪੰਜਾਬ ਵਿੱਚੋਂ ਨਾਂ ਮੁੱਕ ਜਾਵੇਗਾ ਪਰ ਅਜੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੱਲ ਬਿਲਕੁੱਲ ਧਿਆਨ ਨਹੀਂ ਦੇ ਰਹੇ ਅਤੇ ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜਦ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਦ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਇਸ ਮੌਕੇ ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ, ਪਿਸ਼ੌਰਾ ਸਿੰਘ, ਮੱਖਣ ਸਿੰਘ, ਬਾਵਾ ਸਿੰਘ, ਬਲਵੰਤ ਘੋਹ, ਮਾਸਟਰ ਗੁਰਦੀਪ ਸਿੰਘ, ਕੇਵਲ ਕਾਲੀਆ, ਇਕਬਾਲ ਸਿੰਘ, ਮੰਗਤ ਸਿੰਘ, ਇੰਦਰਜੋਤ, ਕੇਵਲ ਸਿੰਘ ਕੰਗ, ਬਲਦੇਵ ਸਿੰਘ ਨਿਹੰਗ, ਮਾਸਟਰ ਮੋਹਨ ਸਿੰਘ, ਹਰਦੇਵ ਸਿੰਘ ਚਿੱਟੀ, ਕਰਮਜੀਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਘੁੰਮਣ ਅਤੇ ਗੁਰਨਾਮ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।