ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 12 ਜੂਨ
ਇਥੋਂ ਦੇ ਪਿੰਡ ਆਦਮਪੁਰ ’ਚ ਬਿਹਾਰ ਤੋਂ ਝੋਨਾ ਲਗਾਉਣ ਆਏ ਇੱਕ ਪਰਵਾਸੀ ਮਜ਼ਦੂਰ ਦਾ ਉਸਦੇ ਸਾਥੀ ਮਜ਼ਦੂਰਾਂ ਨੇ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਭੁਪਿੰਦਰ ਸਿੰਘ ਵਾਸੀ ਪਿੰਡ ਆਦਮਪੁਰ ਨੇ ਸਰਹਿੰਦ ਪੁਲੀਸ ਨੂੰ ਬਿਆਨਾਂ ’ਚ ਦੱਸਿਆ ਕਿ ਉਸਨੇ ਆਪਣੇ ਖੇਤਾਂ ’ਚ ਝੋਨਾ ਲਗਵਾਉਣ ਲਈ ਗੁਰੂਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੋਂ ਸ਼ਤਰੂਘਣ ਉਰਫ ਕਾਲੀਆ, ਨੰਦੂ ਮਹਾਤੋ ਤੇ ਬਾਬਾ ਨਾਮਕ ਤਿੰਨ ਪਰਵਾਸੀ ਮਜ਼ਦੂਰ ਲਿਆਂਦੇ ਸਨ। ਜਿਨਾਂ ਨੂੰ ਖੇਤਾਂ ’ਚ ਟਿਊਬਵੈੱਲ ਵਾਲੇ ਕੋਠੇ ’ਚ ਠਹਿਰਾ ਦਿੱਤਾ ਸੀ। ਉਸ ਨੇ ਦੱਸਿਆ ਕਿ ਉਹ ਜਦੋਂ ਰਾਤ 9 ਵਜੇ ਦੇ ਕਰੀਬ ਮੋਟਰ ’ਤੇ ਗੇੜਾ ਮਾਰਨ ਗਿਆ ਤਾਂ ਤਿੰਨੋਂ ਮਜ਼ਦੂਰਾਂ ਦੀ ਸ਼ਰਾਬ ਪੀਤੀ ਹੋਈ ਸੀ ਤੇ ਉਹ ਆਪਸ ’ਚ ਝਗੜਾ ਕਰ ਰਹੇ ਸਨ ਜਿਨਾਂ ਨੂੰ ਉਹ ਸਮਝਾ ਕੇ ਆਪਣੇ ਘਰ ਚਲਾ ਗਿਆ।
ਜਦੋਂ ਅਗਲੇ ਦਿਨ ਉਹ ਖੇਤ ਗਿਆ ਤਾਂ ਉਸਦੇ ਖੇਤ ਨਾਲ ਲਗਦੀ ਨਰਿੰਦਰ ਸਿੰਘ ਦੀ ਜ਼ਮੀਨ ’ਚ ਬਾਬਾ (50) ਨਾਮਕ ਪਰਵਾਸੀ ਮਜ਼ਦੂਰ ਦੀ ਲਾਸ਼ ਪਈ ਸੀ ਜਿਸ ਦੇ ਸਿਰ ਤੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਉਸ ਨੇ ਦੱਸਿਆ ਕਿ ਤਿੰਨੋਂ ਪਰਵਾਸੀ ਮਜ਼ਦੂਰ ਸ਼ਰਾਬ ਪੀਣ ਤੋਂ ਬਾਅਦ ਰਾਤ ਨੂੰ ਝਗੜ ਪਏ ਸੀ ਤੇ ਬਾਬਾ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਤਰੂਘਣ ਉਰਫ ਕਾਲੀਆ ਤੇ ਨੰਦੂ ਮਹਾਤੋ ਨੇ ਬਾਬਾ ਦਾ ਕਤਲ ਕਰ ਦਿੱਤਾ ਤੇ ਫਰਾਰ ਹੋ ਗਏ। ਥਾਣਾ ਸਰਹਿੰਦ ’ਚ ਸ਼ਤਰੂਘਣ ਉਰਫ ਕਾਲੀਆ ਤੇ ਨੰਦੂ ਮਹਾਤੋ ਵਿਰੁੱਧ ਕੇਸ ਦਰਜ ਕਰ ਲਿਆ ਹੈ।