ਮਨਮੋਹਨ
ਸੰਜੀਦਾ ਮਸਲਾ
ਰਾਸ਼ਟਰਵਾਦ ਸ਼ੁਰੂ ਤੋਂ ਬਹਿਸ ਦਾ ਮੁੱਦਾ ਰਿਹਾ ਹੈ। ਵੱਖ ਵੱਖ ਮੁਲਕਾਂ ਵਿਚ ਇਸ ਦੇ ਨਾਂ ’ਤੇ ਸੁਧਾਰ ਘੱਟ ਹੋਏ ਅਤੇ ਦਮਨ ਵਧੇਰੇ ਹੋਇਆ। ਇਸ ਲੇਖ ਵਿਚ ਵੱਖ ਵੱਖ ਪੁਸਤਕਾਂ ਅਤੇ ਮੁਲਕਾਂ ਦੇ ਹਾਲਾਤ ਦੇ ਹਵਾਲੇ ਨਾਲ ਇਸ ਦੀ ਵਿਆਖਿਆ ਕੀਤੀ ਗਈ ਹੈ।
ਸ਼ਸ਼ੀ ਥਰੂਰ ਆਪਣੀ ਨਵੀਂ ਕਿਤਾਬ ‘The Battle of Belonging’ (ਰਿਸ਼ਤਗੀ ਦੀ ਲੜਾਈ) ’ਚ ਇਹ ਸਥਾਪਿਤ ਕਰਨ ਦਾ ਯਤਨ ਕਰਦਾ ਹੈ ਕਿ ਰਾਸ਼ਟਰਵਾਦ ਅਤੇ ਸੱਚੀ ਭਾਰਤੀਅਤਾ ਕੀ ਹੈ? ਇੱਕੀਵੀਂ ਸਦੀ ’ਚ ਦੇਸ਼ ਭਗਤ ਅਤੇ ਭਾਰਤੀ ਹੋਣ ਤੋਂ ਕੀ ਅਰਥ ਹਨ? ਇਹ ਇਕ ਤਰ੍ਹਾਂ ਨਾਲ ਸੰਸਾਰ ’ਚ ਅਤੇ ਖ਼ਾਸਕਰ ਭਾਰਤ ਵਿਚ ਰਾਸ਼ਟਰਵਾਦ ਦੇ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਹੈ। ਇਸ ਸੰਸਾਰ ’ਚ ਕਈ ਪ੍ਰਕਾਰ ਦੇ ਨਸਲੀ ਰਾਸ਼ਟਰਵਾਦਾਂ ਜਿਸ ’ਚ ਧਾਰਮਿਕ, ਭਾਸ਼ਕ, ਸਭਿਆਚਾਰਕ ਆਦਿ ਸਾਰੇ ਹੋਰ ਅਟੱਲ ਅਤੇ ਅਬਦਲ ਕਾਰਨਾਂ ’ਤੇ ਆਧਾਰਿਤ ਰਾਸ਼ਟਰਵਾਦ ਵੀ ਸ਼ਾਮਿਲ ਹਨ, ਦੀ ਚਰਚਾ ਕੀਤੀ ਗਈ ਹੈ। ਇਸ ’ਚ ਭਾਰਤ ਦੇ ਬਸਤੀਵਾਦ ਵਿਰੋਧੀ ਰਾਸ਼ਟਰਵਾਦ ਜਿਸ ਨੇ ਬਾਅਦ ’ਚ ਆਪਣੇ ਆਪ ਨੂੰ ਨਾਗਰਿਕ ਰਾਸ਼ਟਰਵਾਦ ’ਚ ਬਦਲ ਲਿਆ, ਦੀ ਵੀ ਵਿਸਥਾਰ ਸਹਿਤ ਚਰਚਾ ਕੀਤੀ ਗਈ ਹੈ। ਇੰਝ ‘ਰਿਸ਼ਤਗੀ ਦੀ ਲੜਾਈ’ ਦਾ ਉਦੇਸ਼ ਇਹ ਹੈ ਕਿ ਸਮਕਾਲੀ ਦੌਰ ’ਚ ਨਾਗਰਿਕ ਰਾਸ਼ਟਰਵਾਦ ਨੂੰ ਧਾਰਮਿਕ-ਸਭਿਆਚਾਰਕ ਰਾਸ਼ਟਰਵਾਦ ’ਚ ਬਦਲਣ ਕਾਰਨ ਪੈਦਾ ਹੋਏ ਟਕਰਾਓ/ਤਣਾਓ ਨੂੰ ਕਿਵੇਂ ਸਮਝਿਆ ਜਾਵੇ? ਇਸ ਚਰਚਾ ਦਾ ਮੂਲ ਕਾਰਨ ਸ਼ਾਇਦ ਇਹ ਹੈ ਕਿ ਨਾਗਰਿਕ ਰਾਸ਼ਟਰਵਾਦ ਉਦਾਰ ਅਤੇ ਜਮਹੂਰੀ ਸੰਵਿਧਾਨ ਉਪਰ ਟਿਕਿਆ ਹੋਇਆ ਹੈ। ਸੰਵਿਧਾਨ ਦੀ ਸਵੈਯਤੱਤਾ ਨੂੰ ਕਾਇਮ ਰੱਖਣਾ ਸਾਡੇ ਸਾਰਿਆਂ ਦਾ ਧਰਮ, ਫ਼ਰਜ਼ ਅਤੇ ਨੈਤਿਕ ਕਰਤੱਵ ਹੈ।
ਅੱਜ ਇਕ ਸੌ ਪੈਂਤੀ ਕਰੋੜ ਤੋਂ ਵੱਧ ਭਾਰਤੀ ਭਾਰਤ ’ਚ ਰਹਿ ਰਹੇ ਨੇ। ਪਰ ਕੀ ਕੁਝ ਭਾਰਤੀ ਕਈ ਹੋਰ/ਦੂਜਿਆਂ ਨਾਲੋਂ ਵੱਧ ਭਾਰਤੀ ਹਨ? ਇਹ ਪ੍ਰਸ਼ਨ ਭਾਰਤ ਗਣਤੰਤਰ ’ਚ ਰਹਿਣ ਵਾਲੇ ਹਰ ਭਾਰਤੀ ਮਰਦ, ਔਰਤ ਅਤੇ ਬੱਚੇ ਦੀ ਪਛਾਣ ਨਾਲ ਸਬੰਧਿਤ ਹੋਣ ਕਾਰਨ ਕੇਂਦਰ ’ਚ ਹੈ। ਇਸ ਪ੍ਰਸ਼ਨ ਨਾਲ ਜੁੜੇ ਰਾਸ਼ਟਰਵਾਦ, ਦੇਸ਼ ਭਗਤੀ, ਨਾਗਰਿਕਤਾ ਅਤੇ ਰਿਸ਼ਤਗੀ ਜਿਹੇ ਵਿਚਾਰਾਂ ਦੀ ਵਿਆਖਿਆ ਦਾ ਯਤਨ ਕੀਤਾ ਹੈ ਜਿਵੇਂ ਰਾਸ਼ਟਰਵਾਦ ਦਰਅਸਲ ਹੈ ਕੀ ਹੈ ਜਾਂ ਕਿਹੋ ਜਿਹਾ ਹੋ ਸਕਦਾ ਹੈ? ਉਸ ਨੇ ਇਹ ਵੀ ਦੱਸਿਆ ਹੈ ਕਿ ਰਾਸ਼ਟਰਵਾਦੀ ਕੌਣ ਹੈ? ਦੇਸ਼ ਭਗਤੀ ਅਸਲ ’ਚ ਕੀ ਹੈ? ਭਾਰਤੀ ਰਾਸ਼ਟਰੀਅਤਾ ਦਾ ਸੁਭਾਅ ਅਤੇ ਭਵਿੱਖ ਕੀ ਹੈ? ਸ਼ਸ਼ੀ ਸਾਨੂੰ ਬੜੇ ਸਪੱਸ਼ਟ ਰੂਪ ’ਚ ਦੱਸਦਾ ਹੈ ਕਿ ਕਿਹੜੀਆਂ ਸ਼ਕਤੀਆਂ ‘ਭਾਰਤ ਦਾ ਵਿਚਾਰ’ (ਗੁਰੂਦੇਵ ਰਾਬਿੰਦਰ ਨਾਥ ਟੈਗੋਰ ਵੱਲੋਂ ਘੜਿਆ ਵਾਕਾਂਸ਼) ਨੂੰ ਅੰਦਰੋਂ ਅੰਦਰ ਖੋਖਲਾ ਕਰ ਰਹੀਆਂ ਹਨ। ਭਾਰਤ ਦਾ ਇਹ ਵਿਚਾਰ ਉਸ ਇਤਿਹਾਸ ’ਚੋਂ ਵਿਕਸਤ ਹੋਇਆ ਹੈ ਜਿਸ ਦੇ ਆਧੁਨਿਕ ਸਰੂਪ ਨੂੰ ਦੇਸ਼ ਦੇ ਨੀਂਹਕਾਰ ਪਿਤਾਮਿਆਂ ਨੇ ਭਾਰਤ ਦੇ ਸੰਵਿਧਾਨ ਅੰਦਰ ਸੁਰੱਖਿਅਤ ਰੱਖਿਆ ਹੈ।
ਛੇ ਭਾਗਾਂ ’ਚ ਵੰਡੀ ਇਸ ਕਿਤਾਬ ’ਚ ‘ਰਾਸ਼ਟਰਵਾਦ ਦਾ ਵਿਚਾਰ’, ‘ਭਾਰਤ ਦਾ ਵਿਚਾਰ’, ‘ਭਾਰਤ ਦਾ ਰਾਸ਼ਟਰਵਾਦੀ ਵਿਚਾਰ’, ‘ਰਿਸ਼ਤਗੀ ਦੀ ਚੱਲ ਰਹੀ ਲੜਾਈ’, ‘ਰਾਸ਼ਟਰੀਅਤਾ ਦੀ ਚਿੰਤਾ’ ਅਤੇ ‘ਭਾਰਤ ਦੀ ਆਤਮਾ ਉੱਤੇ ਮੁੜ ਦਾਅਵਾ’ ਆਦਿ ਵਿਸ਼ਿਆਂ ’ਤੇ ਵਿਸਤਾਰ ਸਹਿਤ ਚਰਚਾ ਕੀਤੀ ਗਈ ਹੈ। ਇਨ੍ਹਾਂ ਦੇ ਅੰਤਰਗਤ ਸ਼ਸ਼ੀ ਨੇ ਰਾਸ਼ਟਰਵਾਦ, ਦੇਸ਼ਭਗਤੀ, ਉਦਾਰਵਾਦ, ਜਮਹੂਰੀਅਤ ਅਤੇ ਮਾਨਵਵਾਦ ਜਿਹੇ ਕਈ ਵਿਚਾਰਾਂ ਜੋ ਅਠਾਰਵੀਂ ਉਨੀਵੀਂ ਸਦੀ ’ਚ ਪੱਛਮ ’ਚ ਪੈਦਾ ਹੋਏ ਅਤੇ ਸਾਰੇ ਸੰਸਾਰ ’ਚ ਫੈਲ ਗਏ, ਨੂੰ ਵਿਚਾਰਿਆ ਹੈ। ਉਸ ਨੇ ਭਾਰਤ ਦੇ ਉਦਾਰਵਾਦੀ ਸੰਵਿਧਾਨਵਾਦ ਨੂੰ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਰਾਬਿੰਦਰ ਨਾਥ ਟੈਗੋਰ, ਡਾ. ਭੀਮ ਰਾਓ ਅੰਬੇਦਕਰ ਅਤੇ ਸਰਦਾਰ ਵੱਲਭ ਭਾਈ ਪਟੇਲ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਜਿਹੇ ਹੋਰ ਵੀ ਵੱਡੇ ਰਹਿਨੁਮਾਵਾਂ ਦੇ ਵਿਚਾਰਾਂ ਨੂੰ ਸੰਖਿਪਤ ਰੂਪ ’ਚ ਘੋਖਿਆ ਹੈ। ਇਨ੍ਹਾਂ ਵਿਚਾਰਾਂ ਨੂੰ ਵਰਤਮਾਨ ਦੌਰ ਦੇ ਦੱਖਣਪੰਥੀ ਵਿਦਵਾਨਾਂ ਦੇ ਸੰਕੀਰਣ ਦ੍ਰਿਸ਼ਟੀਕੋਣ ਅਤੇ ਉਨ੍ਹਾਂ ਦੇ ਸਮੱਰਥਕਾਂ ਦੇ ਵੰਡਪਾਊ ਅਤੇ ਫ਼ਿਰਕਾਪ੍ਰਸਤ ਵਿਚਾਰਾਂ ਜੋ ‘ਅਸੀਂ ਬਨਾਮ ਤੁਸੀਂ’ ਦੇ ਬਦਲਾਂ ਦਾ ਪ੍ਰਚਾਰ ਕਰਦੇ ਹਨ, ਨਾਲ ਜੁੜੇ ਪ੍ਰਸੰਗਾਂ ਨੂੰ ਬੜੇ ਵਿਸਥਾਰ ਨਾਲ ਸਮਝਿਆ ਤੇ ਸਮਝਾਇਆ ਗਿਆ ਹੈ।
ਸ਼ਸ਼ੀ ਥਰੂਰ ਦਾ ਕਹਿਣਾ ਹੈ ਕਿ ਅੱਜ ਭਾਰਤ ਬਾਰੇ ਇਨ੍ਹਾਂ ਦੋ ਐਨ ਵਿਰੋਧੀ ਵਿਚਾਰਾਂ ਭਾਵ ਨਸਲੀ ਰਾਸ਼ਟਰਵਾਦ ਅਤੇ ਨਾਗਰਿਕ ਰਾਸ਼ਟਰਵਾਦ ਵਿਚ ਲੜਾਈ ਭਖੀ ਪਈ ਹੈ। ਭਾਰਤ ਦੀ ਆਤਮਾ ਨੂੰ ਬਚਾਈ ਰੱਖਣ ਦਾ ਸੰਘਰਸ਼ ਬੜੇ ਡੂੰਘੇ ਅਤੇ ਲੰਮੇ ਚੌੜੇ ਢੰਗ ਨਾਲ ਫੈਲ ਰਿਹਾ ਹੈ। ਇਸ ਨੇ ਆਜ਼ਾਦੀ ਮਿਲਣ ਸਮੇਂ ਮਿਲੇ ਬਹੁਲਤਾਵਾਦ, ਧਰਮ ਨਿਰਪੇਖਤਾ ਅਤੇ ਜੋੜਨ ਵਾਲੀ ਰਾਸ਼ਟਰੀਅਤਾ ਦੇ ਸੰਕਲਪਾਂ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ। ਗ਼ਨੀਮਤ ਹੈ ਅਜੇ ਵੀ ਬਹੁਤਾ ਕੁਝ ਨਹੀਂ ਵਿਗੜਿਆ। ਇਸ ਵਿਚਾਰ ਨੂੰ ਇਹ ਕਿਤਾਬ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਉਂਦੀ ਹੈ ਕਿ ਰਿਸ਼ਤਗੀ ਦੀ ਇਸ ਲੜਾਈ ਨੂੰ ਜਿੱਤਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ। ਇਸ ’ਚ ਇਸ ਪੱਖ ਨੂੰ ਵੀ ਤਾਰਕਿਕਤਾ ਨਾਲ ਖੰਗਾਲਿਆ ਗਿਆ ਹੈ ਤਾਂ ਕਿ ਭਾਰਤ ਦੀ ਜਮਹੂਰੀਅਤ ਦੀ ਸਲਾਮਤੀ ਵਾਸਤੇ ਜੋ ਵੀ ਸ਼ੈਅ ਵਿਲੱਖਣ ਅਤੇ ਕੀਮਤੀ ਹੈ, ਉਸ ਨੂੰ ਸੁਦ੍ਰਿੜ੍ਹ ਅਤੇ ਸ਼ਕਤੀਸ਼ਾਲੀ ਕੀਤਾ ਜਾ ਸਕੇ।
ਆਇਰਸ਼ ਚਿੰਤਕ ਬੈਂਡਿਕਟ ਐਂਡਰਸਨ 1983 ’ਚ ਆਈ ਆਪਣੀ ਕਿਤਾਬ ‘Imagined Communities’ ’ਚ ਕਹਿੰਦਾ ਹੈ ਕਿ ਰਾਸ਼ਟਰਵਾਦ ਜ਼ਿਆਦਾ ਕਰਕੇ ਵਿਚਾਰਾਂ ਦੇ ਮਜ਼ਮੂਆ ਨਾ ਹੋ ਕੇ ਇਕ ਤਰ੍ਹਾਂ ਦਾ ਧਰਮ ਅਤੇ ਨਾਤੇਦਾਰੀ ਹੈ। ਇਸ ਦੀ ਰਾਜਨੀਤਕ ਅਪੀਲ ਆਪਣੀ ਦਾਰਸ਼ਨਿਕ ਗ਼ਰੀਬੀ ਅਤੇ ਬਿਖਰਾਓ ਕਾਰਨ ਤਿੱਖੇ ਅੰਤਰ ਵਿਰੋਧਾਂ ’ਤੇ ਖੜ੍ਹੀ ਹੁੰਦੀ ਹੈ। ਪਰ ਕਈ ਹੋਰ ਵਾਦਾਂ ਵਾਂਗ ਇਸ ਨੇ ਵੱਡੇ ਚਿੰਤਕ ਜਿਵੇਂ ਹੌਬਸ, ਤੋਕਵੈਲੀਸ, ਕਾਰਲ ਮਾਰਕਸ ਅਤੇ ਮੈਕਸ ਵੈਬਰ ਜਿਹੇ ਪੈਦਾ ਨਹੀਂ ਕੀਤੇ। ਨਾਵਲਕਾਰ ਸਲਮਾਨ ਰਸ਼ਦੀ ਨੇ ਰਾਸ਼ਟਰਵਾਦ ਬਾਰੇ ਕਿਹਾ ਕਿ ਇਹ ਅਜਿਹਾ ਸੁਪਨਾ ਹੈ ਜੋ ਸਾਰੇ ਦੇਖਣਾ ਚਾਹੁੰਦੇ ਨੇ।
ਸ਼ਸ਼ੀ ਥਰੂਰ ਰਾਸ਼ਟਰਵਾਦ ਦੇ ਮੁੱਖ ਰੂਪ ਵਿਚ ਨੌਂ ਪ੍ਰਕਾਰਾਂ ਦੀ ਗੱਲ ਕਰਦਾ ਹੈ: ਨਸਲੀ ਰਾਸ਼ਟਰਵਾਦ, ਭਾਸ਼ਕ ਰਾਸ਼ਟਰਵਾਦ, ਸਭਿਆਚਾਰਕ ਰਾਸ਼ਟਰਵਾਦ, ਧਾਰਮਿਕ ਰਾਸ਼ਟਰਵਾਦ, ਇਲਾਕਾਈ ਰਾਸ਼ਟਰਵਾਦ, ਗ਼ਰਮਖ਼ਿਆਲੀ ਜਾਂ ਇਨਕਲਾਬੀ ਰਾਸ਼ਟਰਵਾਦ, ਡਾਇਸਪੋਰਾ ਰਾਸ਼ਟਰਵਾਦ ਅਤੇ ਨਾਗਰਿਕ ਰਾਸ਼ਟਰਵਾਦ। ਇਹ ਕੋਈ ਸਪੱਸ਼ਟ ਵਰਗ ਵੰਡ ਨਹੀਂ ਕਿਉਂਕਿ ਇਸ ’ਚ ਕਈ ਕੁਝ ਪਰਸਪਰ ਵਿਆਪੀ ਹੈ। ਇਨ੍ਹਾਂ ਸਾਰੀਆਂ ਕਿਸਮਾਂ ਦੀ ਇਕ ਦੂਜੇ ’ਚ ਦਖ਼ਲਅੰਦਾਜ਼ੀ ਹੈ।
‘ਨਸਲੀ ਰਾਸ਼ਟਰਵਾਦ’ ਉਨ੍ਹਾਂ ਲੋਕਾਂ ਲਈ ਰਾਸ਼ਟਰ ਦੀ ਮੰਗ ਕਰਦਾ ਹੈ ਜਿਨ੍ਹਾਂ ਦਾ ਪਿਛੋਕੜ ਅਤੇ ਪੁਰਖੇ ਸਾਂਝੇ ਹਨ। ਇਸੇ ਕਰਕੇ ਇਹ ਲੋਕਾਂ ਪ੍ਰਤੀ ਬੜੀ ਰਹੱਸਮਈ ਸ਼ਕਤੀ ਦੀ ਅਪੀਲ ਦਾ ਧਾਰਣੀ ਹੁੰਦਾ ਹੈ। ਉਨੀਵੀਂ-ਵੀਹਵੀਂ ਸਦੀ ’ਚ ਜਰਮਨ ਰਾਸ਼ਟਰਵਾਦ ਦਾ ਕੁਝ ਇਹੋ ਸਰੂਪ ਸੀ। 1993 ’ਚ ਜਦੋਂ ਚੈੱਕ ਅਤੇ ਸਲੋਵਾਕ ਰਿਪਬਲਿਕ ਬਣੇ ਤਾਂ ਇਨ੍ਹਾਂ ਦੋਵੇਂ ਮੁਲਕਾਂ ਦੇ ਲੋਕਾਂ ’ਚ ਨਸਲੀ ਵਖਰੇਵਾਂ ਤਾਂ ਸੀ ਹੀ, ਪਰ ਕਈ ਦਹਾਕਿਆਂ ਦੀ ਸਾਂਝ ਵੀ ਸੀ। ਇਸ ਸਾਂਝ ਲਈ ਲੋਕਾਈ ’ਚ ਵੱਡਾ ਹੇਰਵਾ ਸੀ। ਇੰਝ ਰਾਸ਼ਟਰਵਾਦ ਨਾ ਸਿਰਫ਼ ਦੇਸ਼ਾਂ, ਲੋਕਾਂ, ਧਰਮਾਂ ਅਤੇ ਭਾਸ਼ਾਵਾਂ ਨੂੰ ਜੋੜਦਾ ਹੈ ਸਗੋਂ ਤੋੜਦਾ ਵੀ ਹੈ। ਭਾਰਤ ਅਤੇ ਪਾਕਿਸਤਾਨ ਦੀ ਉਦਾਹਰਣ ਇੱਥੇ ਬੜੀ ਸਟੀਕ ਹੈ।
‘ਭਾਸ਼ਕ ਰਾਸ਼ਟਰਵਾਦ’ ਕਈ ਵਾਰ ਨਸਲੀ ਰਾਸ਼ਟਰਵਾਦ ਦਾ ਸਜਿੰਦ ਤੱਤ ਹੁੰਦਾ ਹੈ। ਪਾਕਿਸਤਾਨ ਤੋਂ ਅਲੱਗ ਹੋ ਕੇ ਬੰਗਲਾਦੇਸ਼ ਬਣਨ ਦਾ ਕਾਰਨ ਬੰਗਾਲੀਆਂ ਦਾ ਪਾਕਿਸਤਾਨ ਦੀ ਕੌਮੀ ਜ਼ੁਬਾਨ ਉਰਦੂ ਦਾ ਵਿਰੋਧ ਅਤੇ ਬੰਗਾਲੀ ਭਾਸ਼ਾ ਪ੍ਰਤੀ ਪ੍ਰੇਮ ਅਤੇ ਸਮਰਪਣ ਸੀ। ਇੱਕੀ ਫਰਵਰੀ ਨੂੰ ਜਦ ਬੰਗਲਾਦੇਸ਼ ਆਜ਼ਾਦ ਹੋਇਆ ਤਾਂ ਸੰਯੁਕਤ ਰਾਸ਼ਟਰ ਨੇ ਇਸ ਦਿਨ ਨੂੰ ‘ਮਾਤ ਭਾਸ਼ਾ ਦਿਵਸ’ ਬਣਾਉਣ ਦਾ ਐਲਾਨ ਕੀਤਾ। ਬੰਗਲਾਦੇਸ਼ੀ ਰਾਸ਼ਟਰਵਾਦ ਨਸਲੀ ਸੀ ਕਿ ਭਾਸ਼ਕ, ਇਹ ਵੱਖਰਾ ਮਸਲਾ ਹੈ।
‘ਸਭਿਆਚਾਰਕ ਰਾਸ਼ਟਰਵਾਦ’ ਕਿਸੇ ਹੱਦ ਤੱਕ ਨਸਲੀ ਰਾਸ਼ਟਰਵਾਦ ਨਾਲ ਮਿਲਦਾ ਜੁਲਦਾ ਹੈ। ਸਭਿਆਚਾਰ ਅਕਸਰ ਨਸਲਮੁਖਤਾ ਨਾਲ ਜਾ ਜੁੜਦਾ ਹੈ, ਪਰ ਆਪਣੇ ਸੂਖ਼ਮ ਰੂਪ ’ਚ ਇਹ ਥੋੜ੍ਹਾ ਭਿੰਨ ਹੁੰਦਾ ਹੈ। ਸਭਿਆਚਾਰਕ ਅਤੇ ਭਾਸ਼ਕ ਰਾਸ਼ਟਰਵਾਦ ਕਈ ਉਤਰ-ਬਸਤੀਵਾਦੀ ਸਮਾਜਾਂ ’ਚ ਬੜਾ ਪ੍ਰਸੰਗਿਕ ਰਿਹਾ ਹੈ। ਕੀਨੀਆਈ ਨਾਵਲਕਾਰ ਨਿਗੂਜੀ ਵਾ ਥਿਓਂਗ ਨੇ ਇਸ ਪ੍ਰਭਾਵ ਕਾਰਨ ਹੀ 1980 ’ਚ ਆਪਣਾ ਲਿਖਣ ਕਾਰਜ ਅੰਗਰੇਜ਼ੀ ਤੋਂ ਬਦਲ ਕੇ ਗਿਕੁਯੂ ਜ਼ੁਬਾਨ ’ਚ ਆਰੰਭ ਕੀਤਾ ਤਾਂ ਕਿ ਬਸਤੀਵਾਦੀ ਭਾਸ਼ਾ ਦਾਬੇ ਦਾ ਸਭਿਆਚਾਰਕ ਰੂਪ ’ਚ ਵਿਰੋਧ ਕੀਤਾ ਜਾ ਸਕੇ। ਨਿਗੂਜੀ ਦਾ ਮੰਨਣਾ ਸੀ ਕਿ ਕਈ ਚੰਗਾ ਲਿਖਣ ਵਾਲੇ ਲੇਖਕ ਜੋ ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਸਨ, ਪਰ ਅੰਗਰੇਜ਼ੀ ’ਚ ਲਿਖਦੇ ਹੋਣ ਕਾਰਨ ਆਪਣੀ ਪ੍ਰਮਾਣਿਕਤਾ ਸਾਬਿਤ ਕਰਨ ’ਚ ਸੀਮਤ ਰਹਿ ਗਏ ਕਿਉਂਕਿ ਉਨ੍ਹਾਂ ਦੇ ਵਿਚਾਰ ਅਤੇ ਭਾਵ ਯੂਰਪੀ ਭਾਸ਼ਾਵਾਂ ਦੀ ਕੈਦ ’ਚ ਜਕੜੇ ਰਹੇ। ਭਾਸ਼ਾ ਅਤੇ ਸਭਿਆਚਾਰ ਸਦਾ ਪ੍ਰਮਾਣਿਕਤਾ ਦੀ ਤਲਾਸ਼ ’ਚ ਰਹਿੰਦੇ ਹਨ ਕਿਉਂਕਿ ਇਹ ਰਾਸ਼ਟਰਵਾਦਾਂ ਦੀ ਮੁੱਖ ਪਛਾਣ/ਪ੍ਰਮਾਣਿਕਤਾ ਦਾ ਚਿਹਨ ਹੈ। ਫਰਾਂਸਿਸੀ ਭਾਸ਼ਕ ਰਾਸ਼ਟਰਵਾਦ ਬਾਰੇ ਸਭ ਜਾਣਦੇ ਹਨ ਕਿ 1883 ’ਚ ਫਰਾਂਸ ਦੀ ਪਰੂਸ਼ੀਆ ਹੱਥੋਂ ਹੋਈ ਬੇਇੱਜ਼ਤੀ ਕਾਰਨ ਇਹ ‘ਫਰਾਂਸੀਏਸੇ ਗਠਬੰਧਨ’ ਵਜੋਂ ਉਭਰਿਆ।
‘ਧਾਰਮਿਕ ਰਾਸ਼ਟਰਵਾਦ’ ਵੀ ਨਸਲੀ ਰਾਸ਼ਟਰਵਾਦ ਦਾ ਹੀ ਉਪ ਰੂਪ ਹੈ ਪਰ ਰਾਸ਼ਟਰੀਅਤਾ ਰਾਹੀਂ ਧਰਮ ਨੂੰ ਅਧਿਕਾਰਤ ਕਰਨ ਕਾਰਨ ਭਿੰਨ ਹੈ। ਯੱਕ ਦੈਰੀਦਾ ਆਪਣੇ ਲੇਖ ‘Spectres of Marx’ ’ਚ ਲਿਖਦਾ ਹੈ ਕਿ ਕੋਈ ਅਜਿਹੀ ਰਾਸ਼ਟਰੀਅਤਾ ਜਾਂ ਰਾਸ਼ਟਰਵਾਦ ਨਹੀਂ ਹੈ ਜੋ ਧਾਰਮਿਕ ਅਤੇ ਮਿਥਿਹਾਸਕ ਪੁੱਠ ਵਾਲਾ ਨਹੀਂ ਜਾਂ ਕਹਿ ਲਵੋ ਲੰਮੇ ਚੌੜੇ ਰੂਪ ’ਚ ਰਹੱਸਵਾਦੀ ਨਹੀਂ। ਕਹਿਣ ਦਾ ਭਾਵ ਇਹ ਬਹੁਤ ਹੱਦ ਤੱਕ ਅਧਿਆਤਮਕ ਜਾਂ ਬ੍ਰਹਿਮੰਡਕ ਹੁੰਦਾ ਹੈ ਨਾ ਕਿ ਅਨੁਸ਼ਠਾਨਕ। ਭਾਰਤੀ ਮੁਸਲਮਾਨਾਂ ਨੇ ਜਦ ਪਾਕਿਸਤਾਨ ਦੇ ਵਿਚਾਰ ਦਾ ਆਪਣੇ ਹੋਮਲੈਂਡ ਵਜੋਂ ਤਸੱਵਰ ਕੀਤਾ ਤਾਂ ਉਸ ਸਾਹਮਣੇ ਵੱਡੀ ਚੁਣੌਤੀ ਸੀ ਕਿ ਇਸਲਾਮ ਤਾਂ ਕਿਸੇ ਤਰ੍ਹਾਂ ਦੀ ਇਲਾਕਾਈ ਸੀਮਾ ਨੂੰ ਨਹੀਂ ਸਵੀਕਾਰਦਾ ਬਲਕਿ ਸਾਰੇ ਸੰਸਾਰ ਨੂੰ ‘ਦਾਰੁਲ ਇਸਲਾਮ’ (Abode of Peace) ਮੰਨਦਾ ਹੈ। ਇੰਝ ਪਾਕਿਸਤਾਨ ਦਾ ਧਾਰਮਿਕ ਰਾਸ਼ਟਰਵਾਦ ਦੇਖੀਏ ਤਾਂ ਇਹ ਨਸਲੀ ਰਾਸ਼ਟਰਵਾਦ ਨਹੀਂ ਕਿਉਂਕਿ ਬਹੁਤ ਸਾਰੇ ਪਾਕਿਸਤਾਨੀਆਂ ਦੇ ਆਪਣੇ ਸਕੇ ਰਿਸ਼ਤੇਦਾਰ ਭਾਰਤ ’ਚ ਵੀ ਹਨ ਤੇ ਪਾਕਿਸਤਾਨ ’ਚ ਵੀ। ਇੰਝ ਇਜ਼ਰਾਈਲ ਅਤੇ ਪਾਕਿਸਤਾਨ ਰਾਸ਼ਟਰ ਦੇ ਰੂਪ ’ਚ ਇਕ ਤਰ੍ਹਾਂ ਦੀ ਖ਼ਾਸ ਉਦਾਹਰਣ ਹਨ ਜਿਸ ਦਾ ਆਧਾਰ ਵਿਸ਼ੇਸ਼ ਧਾਰਮਿਕ ਸਮੂਹ ਹੈ। ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਇਸੇ ਨਸਲ ਅਤੇ ਧਰਮ ਦੇ ਲੋਕ ਹੋਰ ਦੇਸ਼ਾਂ ਦੇ ਵੀ ਨਾਗਰਿਕ ਹਨ।
‘ਖੇਤਰੀ (Territorial) ਰਾਸ਼ਟਰਵਾਦ’ ਦਾ ਮਸਲਾ ਬੜਾ ਸਾਧਾਰਨ ਹੈ ਕਿਉਂਕਿ ਇਹ ਲੋਕਾਂ ਦੀ ਰਾਸ਼ਟਰੀਅਤਾ ਦੀ ਗੱਲ ਕਿਸੇ ਖੇਤਰ ਦੀ ਪਰਿਭਾਸ਼ਤ ਸੀਮਾ ਅੰਦਰ ਰਹਿ ਕੇ ਹੀ ਕਰਦਾ ਹੈ। ਬਹੁਤ ਸਾਰੇ ਰਾਸ਼ਟਰਾਂ ਜਿਵੇਂ ਆਸਟਰੇਲੀਆ, ਨਿਊਜ਼ੀਲੈਂਡ ਅਤੇ ਜਪਾਨ ਆਦਿ ਦੇ ਰਾਸ਼ਟਰੀ ਖੇਤਰ ਪਰਿਭਾਸ਼ਤ ਹਨ। ਪਰ ਖੇਤਰੀ ਰਾਸ਼ਟਰਵਾਦਾਂ ’ਚ ਹੋਰ ਕਈ ਰਾਸ਼ਟਰਵਾਦ ਵੀ ਇਕ ਦੂਜੇ ਅੰਦਰ ਦਖ਼ਲਅੰਦਾਜ਼ੀ ਕਰਦੇ ਹਨ। ਜਿਵੇਂ ਜਪਾਨੀ ਰਾਸ਼ਟਰਵਾਦ ਬਾਰੇ ਵਿਚਾਰ ਕੀਤਾ ਜਾਵੇ ਤਾਂ ਇਹ ਇਕੋ ਵੇਲੇ ਨਸਲੀ, ਸਭਿਆਚਾਰਕ, ਭਾਸ਼ਕ ਅਤੇ ਖੇਤਰੀ ਵੀ ਹੈ।
‘ਗ਼ਰਮਖ਼ਿਆਲੀ ਜਾਂ ਇਨਕਲਾਬੀ ਰਾਸ਼ਟਰਵਾਦ’ ਦਾ ਉਦੇਸ਼ ਵਰਤਮਾਨ ਵਜੂਦੀ ਰਾਜ ਸੱਤਾ ਨੂੰ ਸਭਿਆਚਾਰਕ, ਭਾਸ਼ਕ ਅਤੇ ਖੇਤਰ ’ਚ ਬਿਨਾ ਕੋਈ ਜ਼ਰੂਰੀ ਬਦਲਾਓ ਕੀਤਿਆਂ ਉਖਾੜ ਸੁੱਟਣਾ ਹੁੰਦਾ ਹੈ। ਇਨਕਲਾਬੀ ਰਾਸ਼ਟਰਵਾਦ ਹਮੇਸ਼ਾ ਵਿਚਾਰਧਾਰਕ ਹੁੰਦਾ ਹੈ। ਲੈਨਿਨ ਰੂਸ ਦੇ ਜ਼ਾਰ ਸਾਮਰਾਜ ਵਿਰੁੱਧ ਆਪਣੇ ਆਪ ਨੂੰ ਇਨਕਲਾਬੀ ਰਾਸ਼ਟਰਵਾਦੀ ਸਮਝਦਾ ਸੀ। ਇਨਕਲਾਬੀ ਰਾਸ਼ਟਰਵਾਦ ਸ਼ਬਦ ਦੀ ਵਰਤੋਂ ਵੀਅਤਨਾਮ ’ਚ ਹੋ ਚੀ ਮਿਨ ਨੇ ਕੀਤੀ। ਇਸ ਤੋਂ ਇਲਾਵਾ ਕੋਰੀਆ ’ਚ ਅਮੀਕਾਰ ਕਾਬਰਲ ਆਪਣੀ ਕਿਤਾਬ ‘National Liberation and Culture’ ਅਤੇ ਫਰਾਂਜ਼ ਫਾਨਨ ਆਪਣੀ ਕਿਤਾਬ ‘The Wretched of Earth’ ’ਚ ਇਸ ’ਤੇ ਚਰਚਾ ਕਰਦੇ ਹਨ। ਇਹ ਲੇਖਕ ਇਨਕਲਾਬੀ ਮਾਨਵਵਾਦੀ ਸਾਰਭੌਮਿਕਤਾ ਦੀ ਗੱਲ ਕਰਦੇ ਹਨ। ਦਰਅਸਲ ਇੰਝ ਇਹ ਇਲੀਤ ਮੂਲਵਾਦ ਦੇ ਸਖ਼ਤ ਆਲੋਚਕ ਹੋ ਨਿਬੜਦੇ ਹਨ। ਇਟਲੀ ’ਚ ਬੈਨੀਤੋ ਮੁਸੋਲੀਨੀ ਆਪਣੀ ਫਾਸਿਸਟ ਲਹਿਰ ਵਾਸਤੇ ਵੀ ਇਹ ਸ਼ਬਦ ਪ੍ਰਯੋਗ ਕਰਦਾ ਸੀ। ਕਿਸੇ ਹੱਦ ਤੱਕ ਇਨਕਲਾਬੀ ਰਾਸ਼ਟਰਵਾਦ ਧਾਰਮਿਕਤਾ ਦਾ ਵਿਰੋਧੀ ਵੀ ਹੁੰਦਾ ਹੈ। ਮੁਸੋਲਿਨੀ ਅਕਸਰ ਕਹਿੰਦਾ ਸੀ: ‘‘ਜੇਕਰ ਰੱਬ ਹੈ ਤਾਂ ਮੈਨੂੰ ਹੁਣੇ ਮਾਰ ਕੇ ਦਿਖਾਏ।’’ ਇਤਾਲਵੀ ਨਾਵਲਕਾਰ ਅਤੇ ਚਿੰਤਕ ਅੰਬਰਤੋ ਈਕੋ ਆਪਣੀ ਕਿਤਾਬ ‘Ur-Fascism’ ’ਚ ਲਿਖਦਾ ਹੈ: ‘ਮੁਸੋਲਿਨੀ ਆਪਣੇ ਭਾਸ਼ਣਾਂ ’ਚ ਸਦਾ ਰੱਬ ਦਾ ਨਾਮ ਲੈਂਦਾ ਸੀ। ਉਸ ਨੂੰ ਵਿਵੇਕੀ ਪੁਰਖ ‘Man of Providence’ ਕਹਿਣ ਤੋਂ ਨਹੀਂ ਸੀ ਝਿਜਕਦਾ’।
‘ਬਸਤੀਵਾਦ ਵਿਰੋਧੀ ਰਾਸ਼ਟਰਵਾਦ’ ਦੀ ਪ੍ਰਵਿਰਤੀ ਉਨ੍ਹਾਂ ਦੇਸ਼ਾਂ ’ਚ ਪਨਪੀ ਜਿਹੜੇ ਸਾਮਰਾਜਵਾਦ ਦੀਆਂ ਬਸਤੀਆਂ ਰਹੇ ਸਨ ਜਿਵੇਂ ਭਾਰਤ ਅਤੇ ਅਫਰੀਕੀ ਦੇਸ਼। ਕਈ ਵਾਰ ਇਸ ਨੂੰ ‘ਮੁਕਤੀ ਰਾਸ਼ਟਰਵਾਦ’ ਵੀ ਕਿਹਾ ਗਿਆ। ਬਸਤੀਵਾਦ ਵਿਰੋਧੀ ਰਾਸ਼ਟਰਵਾਦ ’ਚ ਸੰਭਵ ਹੈ ਨਸਲੀ, ਸਭਿਆਚਾਰਕ, ਭਾਸ਼ਕ ਅਤੇ ਖੇਤਰੀ ਜਾਂ ਇਨਕਲਾਬੀ ਤੱਤ ਸ਼ਾਮਿਲ ਨਾ ਹੋਣ, ਪਰ ਵਿਦੇਸ਼ੀ ਰਾਜ ਤੋਂ ਮੁਕਤ ਹੋਣ ਦੀ ਭਾਵਨਾ ਅਤੇ ਸਵੈਯਤੱਤਾ ਦਾ ਮੁੱਖ ਅਤੇ ਵਿਲੱਖਣ ਤੱਤ ਹਰ ਵੇਲੇ ਬਣਿਆ ਰਿਹਾ। ਇਵੇਂ ਹੀ ਅਫਰੀਕਾ ’ਚ ਸਿਆਹਫ਼ਾਮ ਬੰਦੇ ਦੀ ਪਛਾਣ ਅਤੇ ਸਵੈਮਾਣ ਨਾਲ ਜੁੜਿਆ ਸਿਆਹਪਣ ਦਾ ਸੰਕਲਪ ਸਦਾ ਭਾਰੂ ਰਿਹਾ। ਇਸ ਨੂੰ ਐਮੀ ਸੀਜ਼ਰ, ਲਿਪੋਲਡ ਸੇਡਾਰ ਸੈਨਗੋਰ ਅਤੇ ਲਿਊਨ ਗੋਨਤਰਾਨ ਦਾਮਾਸ ਜਿਹੇ ਕਵੀਆਂ ਨੇ ਆਪਣੀ ਕਵਿਤਾ ’ਚ ਨਾਬਰੀ ਭਾਵ ਲਿਆਉਣ ਲਈ ਪ੍ਰਯੋਗ ਕੀਤਾ। ‘ਬਸਤੀਵਾਦ ਵਿਰੋਧੀ ਰਾਸ਼ਟਰਵਾਦ’ ਦੀ ਭਾਸ਼ਾ, ਪ੍ਰਤੀਕ, ਰੂਪਕ ਅਤੇ ਜੋਸ਼ ਉਤਰ-ਬਸਤੀਕਾਲ ’ਚ ਵੀ ਕਾਇਮ ਰਹੇ। ਇਸੇ ਵਿਰੋਧ ਨੂੰ ਦਰਸਾਉਣ ਲਈ ਮਿਸਰ ਨੇ 1956 ’ਚ ਸੁਏਜ਼ ਨਹਿਰ ਦਾ ਰਾਸ਼ਟਰੀਕਰਣ ਕੀਤਾ ਅਤੇ ਭਾਰਤ ’ਚ 1961 ’ਚ ਗੋਆ ’ਚੋਂ ਪੁਰਤਗਾਲੀਆਂ ਨੂੰ ਖਦੇੜਿਆ। ‘ਬਸਤੀਵਾਦ ਵਿਰੋਧੀ ਰਾਸ਼ਟਰਵਾਦ’ ’ਚ ਯੂਰਪੀ ਪ੍ਰਬੁੱਧਤਾ ਦੇ ਵੈਭਵ ਦੇ ਦਿਖਾਵੇ ਅਤੇ ਤਾਰਕਿਕਤਾ ਦੇ ਪ੍ਰਭਾਵ ਵਿਰੁੱਧ ‘ਸਬਾਲਟਰਨ’ ਇਤਿਹਾਸਕਾਰਾਂ ਜਿਵੇਂ ਪਾਰਥਾ ਚੈਟਰਜੀ, ਰਣਜੀਤ ਗੁਹਾ ਅਤੇ ਸ਼ਾਹਿਦ ਅਮੀਨ ਨੇ ਗ਼ੈਰ-ਪੱਛਮੀ ਰਾਸ਼ਟਰੀ ਆਵਾਜ਼ਾਂ ਤੋਂ ਬਸਤੀਵਾਦੀ ਵਿਰੋਧ ’ਚ ਉੱਭਰੇ ਰਾਸ਼ਟਰਵਾਦ ਦੇ ਇਤਿਹਾਸ ਨੂੰ ਮੁੜ ਲਿਖਿਆ। ‘ਬਸਤੀਵਾਦ ਵਿਰੋਧੀ ਰਾਸ਼ਟਰਵਾਦ’ ’ਚ ਰੂਹ ਫੂਕਣ ਲਈ ਮੂਲ/ਸਵਦੇਸ਼ੀ ਸਭਿਆਚਾਰ ਨੂੰ ਚੇਤੰਨ ਤੌਰ ’ਤੇ ਪ੍ਰਭਾਵੀ ਬਣਾਇਆ ਗਿਆ। ਫਰਾਂਜ ਫਾਨਨ ਦਾ ਵਿਚਾਰ ਹੈ ਕਿ ਹਰ ਦੇਸੀ ਮਰਦ ਅਤੇ ਔਰਤ ਨੂੰ ਕੌਮ ਨੂੰ ਜ਼ਿੰਦਾ ਕਰਨ ’ਚ ਯੋਗਦਾਨ ਦੇਣਾ ਚਾਹੀਦਾ ਹੈ। ਪ੍ਰਸਿੱਧ ਨਾਵਲਕਾਰ ਨਿਗੂਜੀ ਵਾ ਥਿਓਂਗ ਆਪਣੀ ਕਿਤਾਬ ‘Towards a National Culture’ ’ਚ ਲਿਖਦਾ ਹੈ ਕਿ ਕੋਈ ਵੀ ਸਭਿਆਚਾਰ ਕਦੇ ਵੀ ਸਦਾ ਸਥਿਰ ਨਹੀਂ ਰਹਿੰਦਾ। ਸਾਰਥਿਕ ਸਭਿਆਚਾਰ ਉਹੋ ਹੁੰਦਾ ਹੈ ਜੋ ਵਰਤਮਾਨ ਆਸ ਦੀ ਕਿਰਨ ’ਚੋਂ ਉਦੈ ਹੁੰਦਾ ਹੈ।
‘ਡਾਇਸਪੋਰਾ ਰਾਸ਼ਟਰਵਾਦ’ ’ਚ ਇਕੋ ਨਸਲ, ਭਾਸ਼ਾ, ਧਰਮ ਅਤੇ ਸਭਿਆਚਾਰ ਵਾਲੇ ਲੋਕ ਜੋ ਕਿਸੇ ਨਾ ਕਿਸੇ ਮਜਬੂਰੀਵੱਸ ਦੁਨੀਆ ਦੇ ਕਈ ਖਿੱਤਿਆਂ/ਦੇਸ਼ਾਂ ’ਚ ਫੈਲੇ ਹੁੰਦੇ ਨੇ, ਸ਼ਾਮਿਲ ਹੁੰਦੇ ਹਨ। ਯਹੂਦੀ ਰਾਸ਼ਟਰਵਾਦ ਨੇ ਦੋ ਸਹਿੰਸਰਾਂ ਤੱਕ ਦੇਸ਼-ਬਦਰ ਰਹਿਣ ਕਾਰਨ ਆਪਣੇ ਅੰਦਰ ਆਜ਼ਾਦ ਦੇਸ਼ ਦਾ ਸੁਪਨਾ ਪਾਲ਼ੀ ਰੱਖਿਆ ਅਤੇ ਅੰਤ ਉਹ ਸੁਪਨਾ 1948 ’ਚ ਇਜ਼ਰਾਈਲ ਦੇ ਹੋਂਦ ’ਚ ਆਉਣ ਨਾਲ ਪੂਰਾ ਹੋਇਆ। ਆਇਰਿਸ਼ ਰਾਸ਼ਟਰਵਾਦ, ਪਖਤੂਨ ਰਾਸ਼ਟਰਵਾਦ, ਤਾਮਿਲ ਰਾਸ਼ਟਰਵਾਦ ਆਦਿ ਸਾਰੇ ਇਸ ਦਾ ਹੀ ਪ੍ਰਾਰੂਪ ਹਨ। ਸਿੱਖ ਰਾਜ ਦੀ ਮੁੜ ਸਥਾਪਨਾ ਦੀ ਡਾਇਸਪੋਰਕ ਰੀਝ ਨੂੰ ਵੀ ਇਸ ਵਰਗ ’ਚ ਸ਼ਾਮਿਲ ਕੀਤਾ ਜਾਂਦਾ ਹੈ। ਬੈਂਡਿਕਟ ਐਂਡਰਸਨ ਆਪਣੀ ਕਿਤਾਬ ‘The Spectre of Comparison: Nationalism, Southeast Asia and the World’ ’ਚ ਇਸ ਨੂੰ ‘ਦੂਰ-ਸਥਿਤ ਰਾਸ਼ਟਰਵਾਦ’ (Long Distance nationalism) ਵੀ ਕਹਿੰਦਾ ਹੈ।
ਅੰਤ ’ਚ ‘ਨਾਗਰਿਕ ਰਾਸ਼ਟਰਵਾਦ’ ਆਪਣਾ ਰਾਜਨੀਤਕ ਜਾਇਜ਼ਤਾ ਨਸਲਮੁਖਤਾ, ਧਰਮ, ਭਾਸ਼ਾ, ਸਭਿਆਚਾਰ ਜਾਂ ਜਮਾਂਦਰੂ ਅਧਿਕਾਰਾਂ ਤੋਂ ਨਹੀਂ ਬਲਕਿ ਕਿਸੇ ਜਮਹੂਰੀ ਸਿਆਸਤ ਦੇ ਆਜ਼ਾਦ ਨਾਗਰਿਕਾਂ ਦੀ ਆਪਸੀ ਸਹਿਮਤੀ ਅਤੇ ਸਕਰਮਕ ਭਾਗੀਦਾਰੀ ’ਚੋਂ ਤਲਾਸ਼ ਕਰਦਾ ਹੈ। ਨਾਗਰਿਕ ਰਾਸ਼ਟਰਵਾਦ ਦੇ ਵਿਚਾਰ ਦਾ ਉਦੈ ਯੂਰਪੀ ਦਾਨਿਸ਼ਵਰਾਂ ਜਿਵੇਂ ਜੋਹਨ ਲੌਕ ਅਤੇ ਜੀਨ ਜੈਕ ਰੂਸੋ ਦੀ 1762 ’ਚ ਲਿਖੀ ਕਿਤਾਬ ‘The Social Contract’ ’ਚੋਂ ਨਿਕਲੇ ਦਰਸ਼ਨ ’ਚੋਂ ਹੋਇਆ। ਇਸ ਦਰਸ਼ਨ ਦੀ ਵਿਆਖਿਆ ਅਨੁਸਾਰ ਸਰਕਾਰ ਦੀ ਨਿਆਇਉਚਿਤਤਾ ਨਾਗਰਿਕਾਂ ਦੀ ‘ਸਾਧਾਰਣ ਇੱਛਾ’ ’ਚੋਂ ਨਿਕਲਦੀ ਹੈ। ਉਦਾਰਵਾਦੀ ਜਮਹੂਰੀ ਸੰਸਥਾਵਾਂ, ਬੋਲਣ ਅਤੇ ਸੰਗਠਨ ਦੀ ਆਜ਼ਾਦੀ ਦੇਣ ਵਾਲਾ ਸੰਵਿਧਾਨਵਾਦ ਅਤੇ ਪ੍ਰਤੀਨਿਧਤਵੀ ਲੋਕਤੰਤਰ ਆਦਿ ਨਾਗਰਿਕ ਰਾਸ਼ਟਰਵਾਦ ਲਈ ਜ਼ਰੂਰੀ ਤੱਤ ਹੁੰਦੇ ਹਨ। ਇਸੇ ਲਈ ਇਹ ਆਧੁਨਿਕ ਰਾਜ ਦੇ ਬਹੁਤ ਕਰੀਬੀ ਢੰਗ ਨਾਲ ਜੁੜਿਆ ਹੁੰਦਾ ਹੈ। ‘ਨਾਗਰਿਕ ਰਾਸ਼ਟਰਵਾਦ’ ਦੇ ਤੱਤ ਨਸਲਮੁਖੀ, ਗ਼ੈਰਉਦਾਰ ਤੇ ਬਹੁਗਿਣਤੀ ਦੇ ਦਾਬੇ ਵਾਲੇ ਲੋਕਤੰਤਰਾਂ ਨਾਲ ਬਰ ਨਹੀਂ ਮੇਚਦੇ, ਇਸ ਲਈ ਉਦਾਰਵਾਦੀ ਲੋਕਤੰਤਰਾਂ ਅੰਦਰ ਕਾਰਜਸ਼ੀਲ ਨਾਗਰਿਕ ਰਾਸ਼ਟਰਵਾਦ ਅਜਿਹੀਆਂ ਵਿਰੂਪਤਾਵਾਂ ਦੇ ਵਿਰੋਧ ’ਚ ਖੜ੍ਹਦੇ ਹਨ। ਅਮਰੀਕਾ ਅਤੇ ਫਰਾਂਸ ਨੂੰ ‘ਨਾਗਰਿਕ ਰਾਸ਼ਟਰਵਾਦ’ ਦੇ ਨਮੂਨੇ ਕਿਹਾ ਜਾਂਦਾ ਹੈ। ਭਾਰਤ ਦਾ ‘ਬਸਤੀਵਾਦ ਵਿਰੋਧੀ ਰਾਸ਼ਟਰਵਾਦ’ ਵਿਗਸ ਕੇ ‘ਨਾਗਰਿਕ ਰਾਸ਼ਟਰਵਾਦ’ ਬਣਿਆ। ਪਛਾਣ ’ਚੋਂ ਨਿਕਲਿਆ ਰਾਸ਼ਟਰਵਾਦ ਅਕਸਰ ਇਸ ਦੀ ਪਰਿਭਾਸ਼ਾ ਦੇ ਆੜੇ ਖੜ੍ਹ ਜਾਂਦਾ ਹੈ। ਉਦਾਹਰਣ ਵਜੋਂ ਦੇਖਿਆ ਜਾਵੇ, ਜੇ ਅਰਬੀ ਬੋਲਣ ਵਾਲੇ ਸਾਰੇ ਦੇਸ਼ ਅਰਬ ਹਨ ਤਾਂ ਉੱਤਰੀ ਅਫਰੀਕਾ, ਸੀਰੀਆ ਅਤੇ ਲਿਬਨਾਨ ‘ਚ ਅਰਬੀ ਦੀ ਬਜਾਏ ਜਿੱਥੇ ਅਮਾਜ਼ਿਗ਼, ਦੁਰੇਜ਼ ਅਤੇ ਫਰਾਂਸਿਸੀ ਪਹਿਲੀ ਭਾਸ਼ਾ ਵਜੋਂ ਬੋਲੀ ਜਾਂਦੀ ਹੈ ਤਾਂ ਕੀ ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲੇ ਲੋਕ ਅਰਬ ਨਹੀਂ ਹਨ?
ਇਹ ਕਿਤਾਬ ਸਿਰਫ਼ ‘ਨਸਲੀ ਰਾਸ਼ਟਰਵਾਦ’ ਅਤੇ ਉਸਦੇ ਉਪ-ਰੂਪ ਭਾਸ਼ਕ, ਸਭਿਆਚਾਰਕ, ਖੇਤਰੀ, ਧਾਰਮਿਕ, ਇਨਕਲਾਬੀ ਅਤੇ ਸਭਿਅਤਾਮੂਲਕ ਰਾਸ਼ਟਰਵਾਦਾਂ ਅਤੇ ਨਾਗਰਿਕ ਰਾਸ਼ਟਰਵਾਦ ’ਤੇ ਕੇਂਦ੍ਰਿਤ ਹੈ। ਰਾਸ਼ਟਰਵਾਦ ਦਾ ਵਿਚਾਰ ਜ਼ਰੂਰੀ ਤੌਰ ’ਤੇ ਇੰਝ ਵੰਡਿਆ ਹੋਇਆ ਹੈ ਕਿ ਇਕ ਪਾਸੇ ਨਸਲੀ ਅਤੇ ਹੋਰ ਰਾਸ਼ਟਰਵਾਦ ਹਨ ਜੋ ਚੁਣੌਤੀ ਵਿਹੂਣੇ ਹਨ ਅਤੇ ਦੂਜਾ ਉਹ ਜਿੱਥੇ ਰਾਸ਼ਟਰੀਅਤਾ ਨੂੰ ਸੰਸਥਾਵਾਂ, ਅਮਲ ਅਤੇ ਪ੍ਰਣਾਲੀਆਂ ਸੰਵਿਧਾਨ ’ਚੋਂ ਮਿਲੇ ਹੁੰਦੇ ਹਨ। ਇਸ ਲਈ ਇਹ ਰਾਸ਼ਟਰਵਾਦ ਚੁਣਾਵੀ ਜਮਹੂਰੀਅਤ ਰਾਹੀਂ ਲਗਾਤਾਰ ਸੁਦ੍ਰਿੜ ਹੁੰਦੇ ਰਹਿੰਦੇ ਹਨ। ਉਹ ਇਸ ਨੂੰ ਬੜੀ ਸੁੰਦਰ ਉਦਾਹਰਣ ਨਾਲ ਸਮਝਾਉਣ ਦਾ ਯਤਨ ਕਰਦਾ ਹੈ ਕਿ ‘ਨਸਲੀ ਰਾਸ਼ਟਰਵਾਦ’ ’ਚ ਸਿਰਫ਼ ਦੇਹ ਹੁੰਦੀ ਹੈ ਜਦਕਿ ‘ਨਾਗਰਿਕ ਰਾਸ਼ਟਰਵਾਦ’ ਮਨ/ਆਤਮਾ ਦੀ ਅਪੀਲ ਹੁੰਦੀ ਹੈ। ਇਹ ਸੰਵਿਧਾਨਵਾਦ ਅਤੇ ਸੰਸਥਾਵਾਂ ਦਾ ਰਾਸ਼ਟਰਵਾਦ ਹੁੰਦਾ ਹੈ ਜਿਨ੍ਹਾਂ ਦੀ ਇੱਜ਼ਤ ਤੇ ਇਹਤਰਾਮ ਕੀਤਾ ਜਾਂਦਾ ਹੈ ਨਾ ਕਿ ਵਿਰਾਸਤ ’ਚ ਮਿਲੀ ਉਹ ਪਹਿਚਾਣ ਜੋ ਜਨਮ ਤੋਂ ਮਿਲੀ ਹੁੰਦੀ ਹੈ। ਜਰਮਨ ਦਾਰਸ਼ਨਿਕ ਫਰੈਡਿਰਕ ਮੀਨੇਕੇ ਇਸ ਦੁਵੱਲਤਾ ਨੂੰ ‘ਕੁਲਤਰਨੇਸ਼ਨ ਬਨਾਮ ਸਾਤਤਸਨੇਸ਼ਨ’ ’ਚ ਵੰਡ ਕੇ ਦੇਖਦਾ ਹੈ। ‘ਕੁਲਤਰਨੇਸ਼ਨ’ ਜੇ ਜੈਵਿਕ ਅਤੇ ਭੌਤਿਕ ਹੈ ਤਾਂ ‘ਸਾਤਤਸਨੇਸ਼ਨ’ ਮਨੋ-ਸਮਾਜਿਕ ਉਸਾਰ ਹੈ।
ਅੱਜ ਜ਼ਰੂਰਤ ਹੈ ਕਿ ਉਦਾਰਵਾਦ ਨੂੰ ਲੋਕ ਲਹਿਰ ਨਾਲ ਮੁੜ ਮਜ਼ਬੂਤ ਕੀਤਾ ਜਾਵੇ ਤਾਂ ਕਿ ‘ਨਾਗਰਿਕ ਰਾਸ਼ਟਰਵਾਦ’ ਮੁੜ ਸਥਾਪਿਤ ਹੋ ਸਕੇ। ਅੱਜ ਦੇਸ਼ ’ਚ ਰਿਸ਼ਤਗੀ ਦੀ ਲੜਾਈ ਦੋ ਵਿਚਾਰਾਂ ਭਾਵ ਬਹੁਲਤਾਵਾਦ ਅਤੇ ਉਨ੍ਹਾਂ ਸੰਸਥਾਵਾਂ ਜੋ ਵਿਭਿੰਨਤਾ ਅਤੇ ਨਿੱਜੀ ਆਜ਼ਾਦੀ ਨੂੰ ਸੁਰੱਖਿਅਤ ਕਰਦੇ ਹਨ ਅਤੇ ਦੱਖਣਪੰਥੀ ਵਿਚਾਰਧਾਰਾ ਦੇ ਨਸਲੀ-ਧਾਰਮਿਕ ਰਾਸ਼ਟਰਵਾਦ ਵਿਚਾਲੇ ਹੈ। ਇਹ ਲੜਾਈ ਲੜਨ ਵਾਸਤੇ ਭਾਰਤੀ ਉਦਾਰਵਾਦ ਨੂੰ ਨਵੇਂ ਵਿਚਾਰਾਂ, ਪ੍ਰਤੱਖਣਾਂ, ਬਿਰਤਾਂਤਾਂ ਅਤੇ ਨਾਇਕਾਂ ਦੀ ਦਰਕਾਰ ਹੈ। ਇਸ ਦੀਆਂ ਜੜ੍ਹਾਂ ਜ਼ਰੂਰੀ ਹੈ ਕਿ ਇਕ ਤਾਂ ਜਾਇਜ਼ ਦੇਸ਼ਭਗਤੀ ਦੀ ਜ਼ਮੀਨ ’ਚ ਡੂੰਘੀਆਂ ਗਈਆਂ ਹੋਣ ਅਤੇ ਦੂਜਾ ਰਾਸ਼ਟਰਵਾਦ ਦੇ ਵਿਸ਼ੇ ’ਤੇ ਦੱਖਣਪੰਥੀਆਂ ਮੂਹਰੇ ਗੋਡੇ ਟੇਕਣ ਤੋਂ ਇਨਕਾਰੀ ਹੋਣ। ਇਸ ਨੂੰ ਇਹ ਵੀ ਲੋੜ ਹੈ ਕਿ ਸਮਾਜਿਕ ਗਠਬੰਧਨ ਬਣਾਵੇ। ਇਹ ਕੁਲੀਨ ਵਰਗ ਤੋਂ ਪਾਰ ਜਾ ਕੇ ਸੜਕਾਂ, ਬਸਤੀਆਂ, ਝੁੱਗੀਆਂ ਝੌਂਪੜੀਆਂ ’ਚ ਰਹਿਣ ਵਾਲੇ ਆਮ ਸਾਧਾਰਣ ਲੋਕਾਂ ਤੱਕ ਪਹੁੰਚ ਕਰ ਆਪਣੀ ਪੈਂਠ ਮਜ਼ਬੂਤ ਕਰੇ। ਇੰਝ ਸਿਰਫ਼ ‘ਨਾਗਰਿਕ ਰਾਸ਼ਟਰਵਾਦ’ ਦੀ ਭਾਵਨਾ ਨੂੰ ਬਣਾਈ ਰੱਖ ਕੇ ਅਤੇ ਇਸ ਨਾਲ ਉਦਾਰ ਸੰਵਿਧਾਨਵਾਦ ਰਾਹੀਂ ਜਮਹੂਰੀ ਅਤੇ ਬਹੁਲਤਾਵਾਦੀ ਕਦਰਾਂ-ਕੀਮਤਾਂ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਰਹਿ ਕੇ ਭਾਰਤ ਸਾਰੇ ਭਾਰਤੀਆਂ ਦੀ ਤਾਂਘਾਂ ਅਤੇ ਅਕਾਂਖਿਆਵਾਂ ਨੂੰ ਪੂਰਿਆਂ ਕਰ ਸਕਦਾ ਹੈ।
ਸ਼ਸ਼ੀ ਥਰੂਰ ਅਨੁਸਾਰ ‘ਸਾਡਾ ਨਵਾਂ ਭਾਰਤ ਅਜਿਹਾ ਭਾਰਤ ਹੋਵੇ ਜੋ ਸਾਰੇ ਧਰਮਾਂ, ਵਿਸ਼ਵਾਸਾਂ, ਮੱਤਾਂ, ਸਾਰੇ ਸਭਿਆਚਾਰਾਂ, ਸਾਰੀਆਂ ਭਾਸ਼ਾਵਾਂ, ਸਾਰੇ ਖੇਤਰਾਂ/ਖਿੱਤਿਆਂ, ਸਭ ਜਾਤਾਂ, ਸਭ ਜਮਾਤਾਂ ਅਤੇ ਸਾਰੇ ਨਿੱਜੀ ਨਾਗਰਿਕਾਂ ਦਾ ਸਤਿਕਾਰ ਕਰਦਾ ਹੋਵੇ। ਇਹ ਬਹੁਤ ਜ਼ਰੂਰੀ ਹੈ ਕਿ ਸਾਡੀ ਦੇਸ਼ ਭਗਤੀ ਦੀ ਭਾਵਨਾ ਵੰਡ ’ਤੇ ਨਹੀਂ ਸਗੋਂ ਏਕਤਾ ਅਤੇ ਦੱਬੇ ਕੁਚਲਿਆਂ ਦੇ ਉੱਥਾਨ ’ਤੇ ਨਿਰਭਰ ਹੋਵੇ। ਇਸ ’ਚ ਜੋੜਨ ਵਾਲੀਆਂ ਪ੍ਰਵਿਰਤੀਆਂ ਹੋਣ ਨਾ ਕਿ ਘਟਾਓ ਵਾਲੀਆਂ। ਇਸ ਨੂੰ ਅਵੱਸ਼ ਹੀ ਦੂਜੇ/ਹੋਰ ਪ੍ਰਤੀ ਵੈਰ ਵਿਰੋਧ ਦੀ ਥਾਂ ਰਿਸ਼ਤਗੀ ਦੀ ਭਾਵਨਾ ਦਾ ਜਸ਼ਨ ਮਨਾਉਣਾ ਚਾਹੀਦਾ ਹੈ। ਇਸ ਸਭ ਤੋਂ ਉਪਰ ਦੇਸ਼ ਭਗਤੀ ਸਾਨੂੰ ‘ਆਸ ਦਾ ਰਾਸ਼ਟਰਵਾਦ’ ਦੇਵੇ ਨਾ ਕਿ ਡਰ ਤੇ ਭੈਅ ਦਾ। ਤੱਦ ਹੀ ਅਸੀਂ ਸਿਰ ਉੱਚਾ ਕਰਕੇ ਅਤੇ ਨਜ਼ਰਾਂ ਉਤਾਂਹ ਕਰ ਸਿੱਧੇ ਖੜ੍ਹ ਕੇ ਕਹਿ ਸਕਦੇ ਹਾਂ: ‘ਇਹ ਮੇਰਾ ਰਾਸ਼ਟਰ ਤੇ ਦੇਸ਼ ਹੈ। ਮੈਨੂੰ ਆਪਣੇ ਭਾਰਤੀ ਹੋਣ ’ਤੇ ਮਾਣ ਹੈ’।
ਸੰਪਰਕ: 82839-48811