ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 13 ਜੂਨ
ਪਿੰਡ ਧੂੰਦਾ ਵਿੱਚ ਕਿਸਾਨਾਂ ਵੱਲੋਂ ਸਰਵੇ ਦੇ ਉਲਟ ਬਣਾਏ ਜਾ ਰਹੇ ਧੁੱਸੀ ਬੰਨ੍ਹ ਦਾ ਬੀਤੇ ਇਕ ਮਹੀਨੇ ਤੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਸੰਬਧੀ ਪ੍ਰਸ਼ਾਸਨ ਵੱਲੋਂ ਦਿੱਤੇ ਭਰੋਸੇ ਬਾਅਦ ਧੂੰਦਾ ਦੇ ਕਿਸਾਨਾਂ ਵੱਲੋਂ ਧਰਨਾ ਮੁਲਤਵੀ ਕਰ ਦਿੱਤਾ ਗਿਆ ਪਰ ਮੁੜ ਤੋਂ ਪ੍ਰਸ਼ਾਸਨ ਅਧਿਕਾਰੀਆ ਵੱਲੋਂ ਕਥਿਤ ਤੌਰ ’ਤੇ ਬੰਨ੍ਹ ਦਾ ਵਿਰੋਧ ਜਤਾਉਣ ਵਾਲੇ ਕਿਸਾਨਾਂ ਨੂੰ ਧਮਕਾਉਣ ਤੋਂ ਬਾਅਦ ਇਹ ਵਿਵਾਦ ਮੁੜ ਭਖ਼ਿਆ ਦਿਖਾਈ ਦਿੱਤਾ, ਜਿਸ ਦੇ ਰੋਸ ਵਜੋਂ ਅੱਜ ਕਿਸਾਨਾ ਵੱਲੋਂ ਧੁੱਸੀ ਬੰਨ੍ਹ ’ਤੇ ਮੁੜ ਧਰਨਾ ਸ਼ੁਰੂ ਕਰਕੇ ਸਰਕਾਰ ਅਤੇ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਅਤੇ ਹਲਕਾ ਵਿਧਾਇਕ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਧੱਕੇਸ਼ਾਹੀ ਦੀ ਸੂਰਤ ਵਿੱਚ ਸਮੂਹਿਕ ਆਤਮਦਾਹ ਕਰਨ ਦੀ ਗੱਲ ਕਹੀ ਗਈ। ਇਸ ਮੌਕੇ ਕਿਸਾਨ ਨਿਰਵੈਲ ਸਿੰਘ, ਅਰਜਿੰਦਰ ਸਿੰਘ, ਸੂਬੇਦਾਰ ਗੁਰਮੇਜ ਸਿੰਘ ਨੇ ਕਿਹਾ ਕਿ 8 ਮਈ ਨੂੰ ਹਲਕਾ ਵਿਧਾਇਕ ਦੀ ਸ਼ਹਿ ’ਤੇ ਪ੍ਰਸ਼ਾਸਨ ਵੱਲੋਂ ਸਰਵੇ ਦੇ ਉਲਟ ਧੱਕੇ ਨਾਲ ਉਨ੍ਹਾਂ ਦੀਆ ਮਾਲਕੀ ਜ਼ਮੀਨਾ ਵਿੱਚ ਚੰਦ ਕਾਂਗਰਸੀਆ ਨੂੰ ਖੁਸ਼ ਕਰਨ ਲਈ ਪੱਕਾ ਬੰਨ੍ਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸਦੇ ਵਿਰੋਧ ਵਜੋਂ ਉਨ੍ਹਾਂ ਵੱਲੋ ਬੰਨ੍ਹ ਉਪਰ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ 16 ਮਈ ਨੂੰ ਐਕਸੀਅਨ ਡ੍ਰੇਨ ਵਿਭਾਗ ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਮੁਲਤਵੀ ਕਰ ਦਿੱਤਾ ਗਿਆ ਸੀ ਅਤੇ ਐਕਸੀਅਨ ਡ੍ਰੇਨ ਵੱਲੋ ਪੁਰਾਣੇ ਸਰਵੇ ਅਨੁਸਾਰ ਹੀ ਧੁੱਸੀ ਬੰਨ੍ਹ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ। ਕਿਸਾਨਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਉਨ੍ਹਾਂ ਨਾਲ ਧੱਕੇ ਸ਼ਾਹੀ ਕੀਤੀ ਗਈ ਤਾਂ ਉਹ ਸਮੂਹਿਕ ਤੌਰ ’ਤੇ ਆਤਮਦਾਹ ਕਰ ਲੈਣਗੇ, ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਅਮਰ ਸਿੰਘ , ਹੀਰਾ ਸਿੰਘ, ਸਰਦੂਲ ਸਿੰਘ, ਨੰਬਰਦਾਰ ਮੰਗਲ ਸਿੰਘ , ਸੁਖਦੇਵ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ।