ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 13 ਜੂਨ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਝੋਨੇ ਦੀ ਬਿਜਾਈ ਸਬੰਧੀ ਪਾਏ ਗਏ ਮਤਿਆਂ ਦਾ ਜ਼ਿਕਰ ਹੋ ਰਿਹਾ ਹੈ ਜਿਨ੍ਹਾਂ ਵਿੱਚ ਖੇਤ ਮਜ਼ਦੂਰਾਂ ’ਤੇ ਤਾਨਾਸ਼ਾਹੀ ਬੰਦਿਸ਼ਾਂ ਲਾਈਆਂ ਗਈਆਂ ਹਨ। ਇਨ੍ਹਾਂ ਮਤਿਆਂ ਦਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਡੱਟਵਾਂ ਵਿਰੋਧ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਮਸਲਾ ਹੋਰ ਭੱਖ ਸਕਦਾ ਹੈ।
ਖੇਤ ਮਜ਼ਦੂਰ ਹਰਦੇਵ ਸਿੰਘ ਨੇ ਦੱਸਿਆ ਕਿ ਸਾਲ ਵਿੱਚ ਸਿਰਫ 10 ਕੁ ਦਿਨ ਝੋਨਾ ਲਾਉਣ ਦੀ ਮਜ਼ਦੂਰੀ ਮਿਲਦੀ ਹੈ, ਬਾਕੀ ਕੰਮਾਂ ਦਾ ਤਾਂ ਪਹਿਲਾਂ ਹੀ ਮਸ਼ੀਨੀਕਰਨ ਹੋ ਚੁੱਕਿਆ ਹੈ। ਇਹ ਮਜ਼ਦੂਰੀ ਵੀ ਪਿਛਲੇ ਕਰੀਬ ਪੰਜ ਸਾਲਾਂ ਤੋਂ ਵਧੀ ਨਹੀਂ ਜਦੋਂ ਕਿ ਮਹਿੰਗਾਈ ਕਈ ਗੁਣਾ ਵਧ ਚੁੱਕੀ ਹੈ, ਇਸ ਲਈ ਇਸ ਮਜ਼ਦੂਰੀ ਦਾ ਹੱਕ ਖੋਹਣਾ ਵੀ ਬਹੁਤ ਗੰਭੀਰ ਜੁਰਮ ਹੈ। ਸਰਕਾਰ ਨੂੰ ਇਸ ਵੱਲ ਗੌਰ ਕਰਨੀ ਚਾਹੀਦੀ ਹੈ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੀਨੀਅਰ ਆਗੂ ਗੁਰਭਗਤ ਸਿੰਘ ਭਲਾਈਆਣਾ ਨੇ ਫੋਨ ’ਤੇ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਵੇਲੇ ਕਿਸਾਨ ਅੰਦੋਲਨ ਦਿੱਲੀ ਵਿੱਚ ਹਨ ਅਤੇ ਉੱਥੇ ਵੀ ਸਟੇਜ ਤੋਂ ਵਾਰ-ਵਾਰ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਕਿਸਾਨ-ਮਜ਼ਦੂਰ ਇਕੋ ਵਰਗ ਹੈ ਅਤੇ ਦੋਵੇਂ ਇਕ-ਦੂਜੇ ਦੇ ਪੂਰਕ ਹਨ। ਉਨ੍ਹਾਂ ਕਿਹਾ ਕਿ ਪੰਚਾਇਤਾਂ ਵੱਲੋਂ ਖੇਤ ਮਜ਼ਦੂਰ ਵਿਰੋਧੀ ਮਤੇ ਪਾਏ ਜਾਣਾ ਬਹੁਤ ਮੰਦਭਾਗੀ ਗੱਲ ਹੈ। ਸ੍ਰੀ ਭਲਾਈਆਣਾ ਨੇ ਕਿਹਾ ਕਿ ਇਹ ਕਿਸਾਨ-ਮਜ਼ਦੂਰ ਏਕਤਾ ਵਿੱਚ ਪਾੜ ਪਾਉਣ ਦੀ ਸਿਆਸੀ ਸਾਜਿਸ਼ ਹੈ ਜਿਸ ਦਾ ਜਲਦੀ ਹੀ ਪਰਦਾਫਾਸ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲੱਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਇਹ ਮਤੇ ਪਾਸ ਕਰਨ ਪਿੱਛੇ ਸਰਮਾਏਦਾਰੀ ਤਬਕਾ ਹੈ ਜਿਹੜਾ ਮਜ਼ਦੂਰਾਂ ’ਤੇ ਆਪਣੀ ਧੌਂਸ ਬਰਕਰਾਰ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ, ਮਹਿੰਗਾਈ, ਨਰੇਗਾ ਕੰਮ ਦੀ ਘਾਟ ਅਤੇ ਬੇਜ਼ਮੀਨੇ ਹੋਣ ਕਰ ਕੇ ਖੇਤ ਮਜ਼ਦੂਰਾਂ ਕੋਲ ਕਮਾਈ ਦਾ ਇਕੋ ਸਾਧਨ ਖੇਤ ਮਜ਼ਦੂਰੀ ਹੈ, ਇਸ ਲਈ ਖੇਤ ਮਜ਼ਦੂਰੀ ’ਤੇ ਬੰਦਿਸ਼ਾਂ ਲਾਉਣਾ ਖੇਤ ਮਜ਼ਦੂਰਾਂ ਦਾ ਘਾਣ ਕਰਨ ਬਰਾਬਰ ਹੈ ਜਿਸ ਨੂੰ ਕਿਸੇ ਹਾਲਤ ’ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਕੋਲ ਮਜ਼ਦੂਰੀ ਤੈਅ ਕਰਨਾ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨ-ਮਜ਼ਦੂਰ ਏਕੇ ਵਿਚ ਖੋਰਾ ਲਾਉੁਣ ਦੀਆਂ ਕੋਸ਼ਿਸ਼ਾਂ ਕਿਸੇ ਹਾਲਤ ’ਚ ਸਿਰੇ ਨਹੀਂ ਚੜ੍ਹਨ ਦਿੱਤੀਆਂ ਜਾਣਗੀਆਂ।