ਦੇਹਰਾਦੂਨ/ਨਵੀਂ ਦਿੱਲੀ: ਉੱਤਰਾਖੰਡ ਅਸੈਂਬਲੀ ਵਿੱਚ ਵਿਰੋਧੀ ਧਿਰ ਦੀ ਆਗੂ ਇੰਦਰਾ ਹ੍ਰਿਦੇਸ਼(80) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨਵੀਂ ਦਿੱਲੀ ਸਥਿਤ ਉੱਤਰਾਖੰਡ ਸਦਨ ਵਿੱਚ ਆਖਰੀ ਸਾਹ ਲਏ। ਉੱਤਰਾਖੰਡ ਕਾਂਗਰਸ ਦੇ ਉਪ ਪ੍ਰਧਾਨ ਸੂਰਿਆਕਾਂਤ ਧਸਮਾਨਾ ਨੇ ਮਰਹੂਮ ਆਗੂ ਦੇ ਪੁੱਤਰ ਸੁਮਿਤ ਹ੍ਰਿਦੇਸ਼ ਦੇ ਹਵਾਲੇ ਨਾਲ ਕਿਹਾ ਕਿ ਉਹ ਪਾਰਟੀ ਮੀਟਿੰਗ ਲਈ ਉੱਤਰਾਖੰਡ ਸਦਨ ਗਏ ਸਨ। ਹ੍ਰਿਦੇਸ਼ ਸੂਬੇ ਦੇ ਸਭ ਤੋਂ ਸੀਨੀਅਰ ਕਾਂਗਰਸੀ ਆਗੂ ਹੋਣ ਦੇ ਨਾਲ ਹਲਦਵਾਨੀ ਅਸੈਂਬਲੀ ਸੀਟ ਤੋਂ ਵਿਧਾਇਕ ਸਨ। ਉਨ੍ਹਾਂ ਨੂੰ ਲੰਘੇ ਅਪਰੈਲ ਮਹੀਨੇ ਕਰੋਨਾ ਹੋ ਗਿਆ ਸੀ ਤੇ ਲਾਗ ਤੋਂ ਉਭਰਨ ਮਗਰੋਂ ਉਨ੍ਹਾਂ ਦਿਲ ਦੀ ਸਰਜਰੀ ਕਰਵਾਈ ਸੀ। ਉਹ ਸ਼ਨਿੱਚਰਵਾਰ ਨੂੰ ਉੱਤਰਾਖੰਡ ਦੇ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਵੀ ਸ਼ਾਮਲ ਹੋੲੇ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪਾਰਟੀ ਆਗੂ ਰਾਹੁਲ ਗਾਂਧੀ ਨੇ ਹ੍ਰਿਦੇਸ਼ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। -ਪੀਟੀਆਈ