ਪੱਤਰ ਪ੍ਰੇਰਕ
ਟੋਹਾਣਾ, 14 ਜੂਨ
ਖੇਤੀ ਕਾਨੂੰਨਾਂ ਦੀ ਵਾਪਸੀ ਲਈ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਸੰਗੀਨ ਜੁਰਮਾਂ ਹੇਠ ਗ੍ਰਿਫ਼ਤਾਰ ਕਰ ਕੇ ਕਿਸਾਨ ਮੋਰਚੇ ਦੇ ਸੱਦੇ ’ਤੇ 7 ਜੂਨ ਨੂੰ ਸਦਰ ਥਾਣਾ ਟੋਹਾਣਾ ਦੀ ਘੇਰਾਬੰਦੀ ਦੌਰਾਨ ਥਾਣੇ ਦੇ ਸਾਹਮਣੇ ਤੋਂ ਬੋਲੈਰੋ ਗੱਡੀ ਚੋਰੀ ਮਾਮਲੇ ’ਚ ਪੁਲੀਸ ਦੇ ਸੂਹ ਲਾਉਣ ਵਿੱਚ ਅਸਮਰਥ ਰਹਿਣ ’ਤੇ ਇਥੋਂ ਦੇ ਟਾਊਨ ਪਾਰਕ ’ਚ ਕਿਸਾਨ ਪੱਕਾ ਮੋਰਚੇ ’ਤੇ ਕਿਸਾਨ ਪੰਚਾਇਤ ਹੋਈ। ਇਸ ਦੀ ਪ੍ਰਧਾਨਗੀ ਮਨਦੀਪ ਨੱਥਵਾਨ ਨੇ ਕੀਤੀ। ਕਿਸਾਨ ਪੰਚਾਇਤ ਦੇ ਫ਼ੈਸਲੇ ’ਤੇ ਕਿਸਾਨਾਂ ਨੇ ਕਾਲੇ ਝੰਡੇ ਲਾ ਕੇ ਡੀਐਸਪੀ ਦਫ਼ਤਰ ਵੱਲ ਰੋਸ ਮਾਰਚ ਕੀਤਾ। ਸਕੱਤਰੇਤ ਸਾਹਮਣੇ ਸੂੁਬਾ ਦੀ ਭਾਜਪਾ ਸਰਕਾਰ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ 7 ਜੂਨ ਨੂੰ ਚਾਂਦਪੁਰਾ ਦੇ ਕਿਸਾਨ ਸੰਸਾਰ ਸਿੰਘ ਦੀ ਬੋਲੈਰੋ ਗੱਡੀ ਚੋਰੀ ਹੋਣ ’ਤੇ ਕਿਸਾਨ ਅਨੇਕਾਂ ਵਾਰ ਪੁਲੀਸ ਨੂੰ ਗੱਡੀ ਦੀ ਤਲਾਸ਼ ਲਈ ਮਿੱਲ ਚੁੱਕੇ ਹਨ। ਕਿਸਾਨ ਨੇਤਾ ਮਨਦੀਪ ਨੱਥਵਾਨ ਨੇ ਕਿਹਾ ਕਿ ਥਾਣੇ ਅਹਾਤਿਆਂ ਵਿੱਚ ਚੋਰੀਆਂ ਹੋਣ ਦੇ ਸ਼ੱਕ ਦੀ ਸੂਈ ਪੁਲੀਸ ’ਤੇ ਉਠਦੀ ਹੈ। ਪੀੜਤ ਲੋਕਾਂ ਨੂੰ ਪੁਲੀਸ ਨਿਆਂ ਦੇਣ ਵਿੱਚ ਅਸਫ਼ਲ ਰਹੀ ਹੈ। ਥਾਣੇ ਦੀ ਘੇਰਾਬੰਦੀ ਸਮੇਂ ਸੜਕਾਂ ’ਤੇ ਪੁਲੀਸ ਦਿਖਾਈ ਦਿੰਦੀ ਸੀ ਫਿਰ ਵੀ ਗੱਡੀ ਚੋਰੀ ਹੋਣਾ ਪੁਲੀਸ ਦੀ ਨਾਕਾਮੀ ਹੈ। ਡੀਐੱਸਪੀ ਬਿਰਮ ਸਿੰਘ ਤੇ ਸਿਟੀ ਥਾਣਾ ਐਸਐਚਓ ਸੁਰਿੰਦਰ ਕੰਬੋਜ ਨੇ ਕਿਸਾਨਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਗੱਡੀ ਜਲਦੀ ਲੱਭ ਲਈ ਜਾਵੇਗੀ। ਕਿਸਾਨ ਪੰਚਾਇਤ ਨੇ 23 ਜੂਨ ਤਕ ਦਾ ਸਮਾਂ ਦਿੱਤਾ ਤੇ ਕਿਹਾ ਕਿ 23 ਜੂਨ ਤਕ ਕਿਸਾਨ ਡੀਐਸਪੀ ਦਫ਼ਤਰ ਤੇ ਪੱਕਾ ਧਰਨਾ ਲਾ ਦੇਣਗੇ।
ਕਿਸਾਨ ਪੰਚਾਇਤ ਬੁਲਾਰੇ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਕਿਸਾਨ ਪੰਚਾਇਤ ਨੇ 23 ਜੂਨ ਨੂੰ ਵੱਡੀ ਗਿਣਤੀ ਵਿੱਚ ਟੋਹਾਣਾ ਪੱਕੇ ਮੋਰਚੇ ’ਚ ਮੋਰਚੇ ’ਚ ਪੁੱਜਣ ਲਈ ਹਦਾਇਤ ਕੀਤੀ ਹੈ।