ਪੱਤਰ ਪ੍ਰੇਰਕ
ਮੰਡੀ ਲੱਖੇਵਾਲੀ, 14 ਜੂਨ
ਨਹਿਰੀਬੰਦੀ ਝੱਲ ਰਹੇ ਨੰਦਗੜ੍ਹ, ਲੱਖੇਵਾਲੀ, ਮਦਰੱਸਾ ਦੇ ਕਿਸਾਨਾਂ ਨੇ ਕਿਸੇ ਵੀ ਫੀਡਰ ’ਤੇ ਸਪਲਾਈ ਪੂਰੀ ਨਾ ਮਿਲਣ ਦੇ ਵਿਰੋਧ ਵਿੱਚ ਲੱਖੇਵਾਲੀ ਗਰਿੱਡ ਅੱਗੇ ਪੱਕਾ ਧਰਨਾ ਲਾ ਦਿੱਤਾ ਹੈ। ਕਿਸਾਨ ਮੰਗ ਕਰ ਰਹੇ ਹਨ ਕਿ ਝੋਨੇ ਦੀ ਲੁਆਈ ਲਈ ਬਿਜਲੀ ਵਿਭਾਗ ਵੱਲੋਂ ਲੋੜੀਂਦੀ ਸਪਲਾਈ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਇਕੱਤਰ ਹੋਏ ਕਿਸਾਨਾਂ ਨੇ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਸਥਾਨਕ ਲੱਖੇਵਾਲੀ ਦਫ਼ਤਰ ਕੋਲ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਫੀਡਰਾਂ ਦੀ ਮੁਰੰਮਤ ਨਹੀਂ ਹੋਈ, ਜਿਸ ਕਾਰਨ ਬਿਜਲੀ ਸਪਲਾਈ ਨਿਰਵਿਘਨ ਨਹੀਂ ਦਿੱਤੀ ਜਾ ਰਹੀ। ਇਸ ਮੌਕੇ ਐਕਸੀਅਨ ਸ੍ਰੀ ਮੁਕਤਸਰ ਸਾਹਿਬ ਪਰਮਪਾਲ ਸਿੰਘ ਬੁੱਟਰ ਨੇ ਬਿਜਲੀ ਦੀ ਨਿਰਵਿਘਨ ਸਪਲਾਈ ਤੇ ਅਗਲੇ ਕੁੱਝ ਦਿਨਾਂ ਤੱਕ ਹੋਰ ਮੁਲਾਜ਼ਮ ਭੇਜਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਧਰਨਾ ਚੁੱਕਿਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਲੱਖੇਵਾਲੀ ਸਬ-ਦਫ਼ਤਰ ਨੂੰ ਪੂਰੀ ਸਬ-ਡਿਵੀਜ਼ਨ ਦਾ ਦਰਜਾ ਦੇਣ ਲਈ ਵੀ ਕੇਸ ਭੇਜਿਆ ਗਿਆ ਹੈ।