ਪੱਤਰ ਪ੍ਰੇਰਕ
ਬਰੇਟਾ, 14 ਜੂਨ
ਖੇਤੀ ਤੇ ਕਿਸਾਨ ਵਿਰੋਧੀ ਤਿੰਨ ਕਾਨੂੰਨਾਂ ਖ਼ਿਲਾਫ਼ ਲੰਮੇ ਸਮੇਂ ਤੋਂ ਸੰਘਰਸ਼ ਵਿੱਢੀ ਬੈਠੇ ਕਿਸਾਨਾਂ ਦਾ ਰੋਹ ਦਿਨ ਪ੍ਰਤੀ ਦਿਨ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਬਰੇਟਾ ਵਿੱਚ ਚੱਲ ਰਹੇ ਕਿਸਾਨ ਮੋਰਚੇ ਵਿੱਚ ਅੱਜ ਵੀ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਥਾਨਕ ਪਟਰੋਲ ਪੰਪ ’ਤੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅਤੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਸਾਂਝਾ ਕਿਸਾਨ ਮੋਰਚਾ ਦੇ ਧਰਨਿਆਂ ਵਿੱਚ ਵੱਡੀ ਗਿਣਤੀ ਮਹਿਲਾਵਾਂ ਤੇ ਕਿਸਾਨ ਆਗੂ ਸ਼ਾਮਲ ਹੋ ਰਹੇ ਹਨ। ਅੱਜ ਮੋਰਚੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਸਰਕਾਰਾਂ ਜਿੰਨਾ ਮਰਜ਼ੀ ਜ਼ੁਲਮ ਕਰਨ, ਪਰ ਕਿਸਾਨ ਡੋਲਣ ਵਾਲੇ ਨਹੀਂ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਮਨਵਾ ਕੇ ਹੀ ਦਮ ਲੈਣਗੇ। ਅੱਜ ਸੁਖਦੇਵ ਸਿੰਘ ਖੁਡਾਲ, ਜਸਵਿੰਦਰ ਕੌਰ, ਤਾਰਾ ਚੰਦ ਬਰੇਟਾ, ਗੁਰਮੇਲ ਸਿੰਘ, ਬਲਜੀਤ ਕੌਰ, ਕ੍ਰਿਸ਼ਨਾ ਕੌਰ ਰੰਘੜਿਆਲ, ਜਗਸੀਰ ਸਿੰਘ, ਸੁਖਦੇਵ ਸਿੰਘ, ਮੇਜਰ ਸਿੰਘ ਦਰੀਆਪੁਰ, ਸੁਖਚੈਨ ਕੌਰ, ਰਾਮਫਲ ਸਿੰਘ, ਬਹਾਦਰਪੁਰ ਮੱਖਣ ਸਿੰਘ, ਲਿਲਾ ਸਿੰਘ, ਚਰਣਜੀਤ ਕੌਰ ਤੇ ਲਾਭ ਕੌਰ ਧਰਨੇ ਵਿੱਚ ਸ਼ਾਮਲ ਹੋਏ।
ਮੌੜ ਮੰਡੀ (ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨੀ ਸੰਘਰਸ਼ ’ਚ ਕਿਸਾਨ ਮੁੜ ਕਾਫਲੇ ਬਣਾ ਕੇ ਦਿੱਲੀ ਪੁੱਜਣ ਲੱਗੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂਆਂ ਨੇ ਦੱਸਿਆ ਕਿ ਹਲਕਾ ਮੌੜ ਦੇ ਪਿੰਡਾਂ ’ਚ ਜਿਥੇ ਕਿਸਾਨ ਸੰਘਰਸ਼ ਕਮੇਟੀਆਂ ਰਾਹੀਂ ਕਿਸਾਨ ਪਿੰਡਾਂ ਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰ ਰਹੇ ਹਨ, ਉਥੇ ਹੀ ਹੁਣ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਛੇ ਮਹੀਨਿਆਂ ਤੋਂ ਡਟੇ ਕਿਸਾਨਾਂ ਦਾ ਸਾਥ ਦੇਣ ਲਈ ਕਿਸਾਨ ਵੱਡੇ ਕਾਫਲਿਆਂ ਰਾਹੀਂ ਰਾਸ਼ਨ ਅਤੇ ਹੋਰ ਜਰੂਰੀ ਸਾਮਾਨ ਲੈ ਕੇ ਦਿੱਲੀ ਕਿਸਾਨ ਮੋਰਚੇ ਵਿੱਚ ਪੁੱਜ ਰਹੇ ਹਨ। ਰੇਲਵੇ ਸਟੇਸ਼ਨ ’ਤੇ ਦਿੱਲੀ ਜਾਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਵਿੱਚ ਹੁਣ ਬਹੁ ਗਿਣਤੀ ਕਿਸਾਨਾਂ ਦੀ ਹੁੰਦੀ ਹੈ। ਰੇਲਵੇ ਸਟੇਸ਼ਨ ’ਤੇ ਹਾਜ਼ਰ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨਾਂ ਨੇ ਆਖਿਆ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਿਸਾਨ ਸੰਘਰਸ਼ ਜਾਰੀ ਰਹੇਗਾ।
ਦਿੱਲੀ ਲਈ ਕਿਸਾਨਾਂ ਦਾ ਜਥਾ ਰਵਾਨਾ
ਟੱਲੇਵਾਲ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦਿੱਲੀ ਦੇ ਬਾਰਡਰਾਂ ’ਤੇ ਸੰਘਰਸ਼ ਲਗਾਤਾਰ ਜਾਰੀ ਹੈ। ਮੌਸਮ ਖ਼ਰਾਬੀ ਅਤੇ ਝੋਨੇ ਦੇ ਸੀਜ਼ਨ ਦਾ ਜ਼ੋਰ ਹੋਣ ਦੇ ਬਾਵਜੂਦ ਕਿਸਾਨਾਂ ਦੇ ਜਥੇ ਵਾਰੀ ਅਨੁਸਾਰ ਦਿੱਲੀ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਤਹਿਤ ਕਈ ਪਿੰਡਾਂ ਦੇ ਕਿਸਾਨ ਦਿੱਲੀ ਮੋਰਚੇ ਲਈ ਰਵਾਨਾ ਹੋਏ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਜਥਾ ਪਿੰਡ ਭੋਤਨਾ ਤੋਂ ਕੈਂਟਰ ਭਰ ਕੇ ਰਵਾਨਾ ਹੋਇਆ, ਜਿਸ ਵਿੱਚ ਪਿੰਡ ਭੋਤਨਾ, ਟੱਲੇਵਾਲ, ਚੂੰਘਾਂ, ਮੱਲੀਆਂ, ਬਖ਼ਤਗੜ ਅਤੇ ਕੈਰੇ ਦੇ ਕਿਸਾਨਾਂ ਨੇ ਦਿੱਲੀ ਲਈ ਚਾਲੇ ਪਾਏ। ਉਥੇ ਪਿੰਡ ਚੀਮਾ ਤੋਂ ਵੀ ਭਾਕਿਯੂ ਉਗਰਾਹਾਂ ਦਾ ਇੱਕ ਜਥਾ ਦਿੱਲੀ ਦੇ ਟਿੱਕਰੀ ਬਾਰਡਰ ਲਈ ਰਵਾਨਾ ਹੋਇਆ। ਇਸ ਮੌਕੇ ਜਥੇਬੰਦੀ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ ਨੇ ਕਿਹਾ ਕਿ ਕਿਸਾਨਾਂ ਲਈ ਝੋਨਾ ਲਗਾਉਣ ਦੇ ਨਾਲ ਨਾਲ ਖੇਤੀ ਕਾਨੂੰਨ ਰੱਦ ਕਰਵਾੳਣੇ ਵੀ ਜ਼ਰੂਰੀ ਹਨ।