ਐਨਪੀ ਧਵਨ
ਪਠਾਨਕੋਟ, 14 ਜੂਨ
ਡਿਵੀਜ਼ਨ ਨੰਬਰ ਇਕ ਦੀ ਪੁਲੀਸ ਨੇ ਮੋਟਰਸਾਈਕਲ ਚੋਰ ਗਰੋਹ ਦੇ 2 ਮੈਂਬਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਚੋਰੀ ਦੇ 10 ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਸਾਹਿਲ ਕੁਮਾਰ ਮਿਸਤਰੀ ਵਾਸੀ ਪਿੰਡ ਘਰੋਟਾ ਅਤੇ ਸਕਸ਼ਮ ਮਨਹਾਸ ਵਾਸੀ ਪਿੰਡ ਨਾਜੋਚੱਕ ਵਜੋਂ ਹੋਈ। ਪੁਲੀਸ ਨੇ ਦੋਵਾਂ ਖਿਲਾਫ ਆਈਪੀਸੀ ਦੀ ਧਾਰਾ 379, 411 ਤਹਿਤ ਕੇਸ ਦਰਜ ਕੀਤਾ ਹੈ।
ਡੀਐਸਪੀ ਸਿਟੀ ਰਾਜਿੰਦਰ ਮਨਹਾਸ ਅਤੇ ਥਾਣਾ ਡਵੀਜ਼ਨ ਨੰਬਰ 1 ਦੇ ਮੁਖੀ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਲਾਈਟਾਂ ਵਾਲੇ ਚੌਕ ਵਿੱਚ ਪੁਲੀਸ ਵੱਲੋਂ ਨਾਕਾ ਲਗਾਇਆ ਹੋਇਆ ਸੀ ਤਾਂ 2 ਨੌਜਵਾਨ ਬਿਨਾਂ ਨੰਬਰੀ 2 ਮੋਟਰਸਾਈਕਲਾਂ ਉੱਪਰ ਆ ਰਹੇ ਸਨ ਤੇ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦੇ ਬਾਅਦ ਜਦੋਂ ਉਨ੍ਹਾਂ ਕੋਲੋਂ ਮੋਟਰਸਾਈਕਲਾਂ ਸਬੰਧੀ ਦਸਤਾਵੇਜ਼ ਮੰਗੇ ਗਏ ਤਾਂ ਉਹ ਕੋਈ ਤਸੱਲੀਬਖਸ਼ ਜੁਆਬ ਨਾ ਦੇ ਸਕੇ। ਥੋੜ੍ਹੀ ਜਿਹੀ ਸਖਤੀ ਕਰਨ ’ਤੇ ਉਨ੍ਹਾਂ ਨੇ ਕਬੂਲ ਕੀਤਾ ਕਿ ਉਕਤ ਦੋਨੋਂ ਮੋਟਰਸਾਈਕਲ ਚੋਰੀ ਦੇ ਹਨ ਅਤੇ ਉਹ ਹਿਮਾਚਲ ਵਿੱਚ ਵੇਚਣ ਜਾ ਰਹੇ ਸਨ।
ਬਾਅਦ ਵਿੱਚ ਉਨ੍ਹਾਂ ਤੋਂ ਹੋਰ ਸਖਤੀ ਨਾਲ ਪੁੱਛਗਿੱਛ ਕਰਨ ’ਤੇ ਉਨ੍ਹਾਂ 8 ਹੋਰ ਮੋਟਰਸਾਈਕਲ ਚੋਰੀ ਕਰਨ ਦਾ ਇੰਕਸ਼ਾਫ ਕੀਤਾ ਜੋ ਉਨ੍ਹਾਂ ਚੋਰੀ ਕਰਕੇ ਅਲੱਗ-ਅਲੱਗ ਸਥਾਨਾਂ ’ਤੇ ਵੇਚ ਦਿੰਦੇ ਸਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਬਰਾਮਦ ਕੀਤੇ ਗਏ।
ਵਾਹਨ ਚੋਰੀ ਕਰਨ ਵਾਲੇ ਦੋ ਕਾਬੂ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਕਮਿਸ਼ਨਰੇਟ ਪੁਲੀਸ ਨੇ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਤਿੰਨ ਮੋਟਰਸਾਈਕਲ ਤੇ ਚਾਰ ਐਕਟਿਵਾ ਬਰਾਮਦ ਕੀਤੇ ਹਨ। ਡੀਸੀਪੀ ਗੁਰਮੀਤ ਸਿੰਘ ਤੇ ਏਡੀਸੀਪੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਕਾਰਵਾਈ ਕਰਦਿਆਂ ਇਨ੍ਹਾਂ ਕਥਿਤ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਬੱਸ ਅੱਡੇ ਨੇੜੇ ਸਤਲੁਜ ਚੌਂਕ ਕੋਲ ਲੱਗੇ ਨਾਕੇ ਦੌਰਾਨ ਜਦੋਂ ਐਕਟਿਵਾ ’ਤੇ ਦੋ ਨੌਜਵਾਨਾਂ ਨੂੰ ਰੋਕਿਆ ਤਾਂ ਉਹ ਪੁਲੀਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ। ਇਸੇ ਦੌਰਾਨ ਉਹ ਡਿੱਗ ਪਏ ਤੇ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਫੜੇ ਗਏ ਨੌਜਵਾਨ ਯੂਪੀ ਦੇ ਰਹਿਣ ਵਾਲੇ ਹਨ ਤੇ ਉਨ੍ਹਾਂ ਦੀ ਪਛਾਣ ਰਣਜੀਤ ਪਾਸਵਾਨ ਤੇ ਮਹੇਸ਼ ਪਾਂਡੇ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਮੰਨਿਆ ਕਿ ਵੱਖ-ਵੱਖ ਥਾਵਾਂ ਤੋਂ ਤਿੰਨ ਮੋਟਰਸਾਈਕਲ ਤੇ ਚਾਰ ਐਕਟਿਵਾ ਚੋਰੀ ਕੀਤੇ ਸਨ ਜਿਨ੍ਹਾਂ ਨੂੰ ਅੱਗੇ ਵੇਚਣਾ ਚਾਹੁੰਦੇ ਸਨ।