ਸ਼ਗਨ ਕਟਾਰੀਆ
ਜੈਤੋ, 15 ਜੂਨ
ਇਥੋਂ ਦੇ ਇਤਿਹਾਸਕ ਗੁਰਦੁਆਰਾ ਗੰਗਸਰ ਸਾਹਿਬ (ਦਸਵੀਂ ਪਾਤਸ਼ਾਹੀ) ਦੀ ਸਰਾਂ ਵਿਚਲੇ ਖੂਹ ’ਚੋਂ ਇਤਰਾਜ਼ਯੋਗ ਸਮੱਗਰੀ ਮਿਲਣ ’ਤੇ ਸੰਗਤ ਵਿੱਚ ਰੋਸ ਹੈ। ਸੰਗਤ ਨੇ ਗੁਰੂ ਘਰ ਦੀ ਸਾਂਭ-ਸੰਭਾਲ ਕਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਕਰਮਚਾਰੀਆਂ ਨੂੰ ਇਸ ਦਾ ਮੁਲਜ਼ਮ ਕਰਾਰ ਦਿੰਦਿਆਂ ਗੁਰੂ ਘਰ ਦੇ ਗਲਿਆਰੇ ’ਚ ਧਰਨਾ ਲਗਾ ਦਿੱਤਾ। ਇਸ ਸਬੰਧੀ ਪੁਲੀਸ ਨੇ ਸ਼੍ਰੋਮਣੀ ਕਮੇਟੀ ਦੇ ਦੋ ਸਥਾਨਕ ਕਰਮਚਾਰੀਆਂ ਸੁਖਮੰਦਰ ਸਿੰਘ ਅਤੇ ਗੁਰਬਾਜ਼ ਸਿੰਘ ’ਤੇ ਧਾਰਾ 295-ਏ ਤਹਿਤ ਕੇਸ ਦਰਜ ਕਰ ਲਿਆ ਹੈ ਪਰ ਫਿਰ ਵੀ ਖ਼ਬਰ ਲਿਖ਼ੇ ਜਾਣ ਤੱਕ ਸੰਗਤ ਅੰਮ੍ਰਿਤਸਰ ਤੋਂ ਪਹੁੰਚੀ ਐੱਸਜੀਪੀਸੀ ਦੀ ਤਿੰਨ ਮੈਂਬਰੀ ਪੜਤਾਲੀਆ ਟੀਮ ਨੂੰ ਮੈਨੇਜਰ ਦੇ ਕਮਰੇ ’ਚ ਤਾੜ ਕੇ ਮੁਲਜ਼ਮ ਬਰਖਾਸਤ ਕਰਨ ਦੀ ਮੰਗ ਕਰ ਰਹੀ ਸੀ।
ਸੁਖਰਾਜ ਸਿੰਘ ਨਿਆਮੀਵਾਲਾ, ਗੁਰਸ਼ਾਨਜੀਤ ਸਿੰਘ, ਜਗਦੇਵ ਸਿੰਘ ਢੱਲਾ ਅਤੇ ਸੁਖਵਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਬੀਤੀ ਸੱਤ ਜੂਨ ਦੀ ਰਾਤ ਨੂੰ ਸਰਾਂ ਵਿਚ ਗੁਰਦੁਆਰੇ ਦੇ ਕਰਮਚਾਰੀਆਂ ਵੱਲੋਂ ਕਥਿਤ ਮੰਦਭਾਵਨਾ ਨਾਲ ਔਰਤ ਨੂੰ ਬੁਲਾਉਣ ਦਾ ਮਾਮਲਾ ਸਾਹਮਣੇ ਆਉਣ ’ਤੇ ਸੰਗਤ ਨੇ ਇਸ ਦੀ ਸੂਚਨਾ ਗੁਰੁਦਆਰੇ ਦੇ ਮੈਨੇਜਰ ਨੂੰ ਦਿੱਤੀ ਸੀ। ਇਸ ਸਬੰਧੀ ਕਈ ਦਿਨ ਕਾਰਵਾਈ ਨਾ ਹੋਣ ’ਤੇ ਤਾਲਮੇਲ ਸੇਵਾ ਸੰਗਠਨ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਬੀਬੀ ਰਾਜਿੰਦਰ ਕੌਰ ਖਾਲਸਾ ਅਤੇ ਕੁਲਦੀਪ ਸਿੰਘ ਖਾਲਸਾ ਸਮੇਤ ਕਰੀਬ ਦਸ ਵਿਅਕਤੀ 14 ਜੂਨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਜਾ ਕੇ ਅਧਿਕਾਰੀਆਂ ਨੂੰ ਮਿਲੇ। ਉਥੋਂ ਅੱਜ ਪੜਤਾਲੀਆ ਟੀਮ ਇਥੇ ਆਈ ਤਾਂ ਲੋਕਾਂ ਨੇ ਜਾਲ ਨਾਲ ਢਕੇ ਰਿਆਸਤੀ ਖੂਹ ’ਚ ਬੋਤਲਾਂ ਤਰਦੀਆਂ ਵੇਖੀਆਂ। ਲੋਕਾਂ ਨੇ ਜਦੋਂ ਖੂਹ ’ਚੋਂ ਬੋਤਲਾਂ ਕੱਢੀਆਂ ਤਾਂ ਨਾਲ ਹੀ ਹੱਡੀਆਂ ਅਤੇ ਹੋਰ ਇਤਰਾਜ਼ਯੋਗ ਸਾਮਾਨ ਵੀ ਮਿਲਿਆ, ਜਿਸ ਦੇ ਰੋਸ ਵਜੋਂ ਉਨ੍ਹਾਂ ਧਰਨਾ ਸ਼ੁਰੂ ਕਰ ਦਿੱਤਾ। ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬੂਟਾ ਸਿੰਘ ਨੇ ਦੇਰ ਰਾਤ ਸੰਗਤ ਨੂੰ ਭਰੋਸਾ ਦਿੱਤਾ ਕਿ ਉਹ 18 ਜੂਨ ਨੂੰ ਅੰਤ੍ਰਿੰਗ ਕਮੇਟੀ ਦੀ ਹੋਣ ਵਾਲੀ ਮੀਟਿੰਗ ਵਿੱਚ ਦੋਵੇਂ ਮੁਲਾਜ਼ਮਾਂ ਨੂੰ ਬਰਖਾਸਤ ਕਰਨ ਸਬੰਧੀ ਮਤਾ ਪਾਉਣਗੇ ਪਰ ਫਿਰ ਵੀ ਲੋਕ ਧਰਨੇ ’ਤੇ ਬੈਠੇ ਹੋਏ ਹਨ। ਇਸੇ ਦੌਰਾਨ ਪੁਲੀਸ ਨੇ ਮੁਲਜ਼ਮਾਂ ਨੂੰ ਫੜਨ ਲਈ ਉਨ੍ਹਾਂ ਦੇ ਪਿੰਡ ਵਿੱਚ ਛਾਪਾ ਮਾਰਿਆ ਪਰ ਉਹ ਪੁਲੀਸ ਦੇ ਹੱਥ ਨਹੀਂ ਆਏ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਮੋਬਾਈਲ ਨੰਬਰ ਟਰੇਸਿੰਗ ’ਤੇ ਲਾ ਦਿੱਤੇ ਗਏ ਹਨ।