ਨਵਕਿਰਨ ਸਿੰਘ
ਮਹਿਲ ਕਲਾਂ, 15 ਜੂਨ
ਵਿਧਾਨ ਸਭਾ ਚੋਣਾਂ ਦੌਰਾਨ ‘ਘਰ-ਘਰ ਰੁਜ਼ਗਾਰ’ ਦੇਣ ਦਾ ਵਾਅਦਾ ਕਰਨ ਵਾਲੀ ਕੈਪਟਨ ਸਰਕਾਰ ਲਈ ਬੇਰੁਜ਼ਗਾਰ ਵਰਗ ਵੱਡੀ ਸਮੱਸਿਆ ਖੜ੍ਹੀ ਕਰਦਾ ਨਜ਼ਰ ਆ ਰਿਹਾ ਹੈ। ਪਿੰਡ ਗੁੰਮਟੀ ਵਿੱਚ ਘਰ ਅੱਗੇ ਬੈਨਰ ਲਾਉਣ ਵਾਲੇ ਬੇਰੁਜ਼ਗਾਰ ਅਧਿਆਪਕ ਰਾਮਪ੍ਰਕਾਸ਼ ਸਿੰਘ ਗੁੰਮਟੀ ਨੇ ਦੱਸਿਆ ਕਿ ਉਸ ਨੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਹੋਣ ਕਾਰਨ ਘਰੇਲੂ ਆਰਥਿਕ ਤੰਗੀਆਂ ਦੌਰਾਨ ਇਸ ਸੋਚ ਕੇ ਐੱਮਏ, ਬੀਐੱਡ ਤੇ ਟੈੱਟ ਪਾਸ ਕੀਤਾ ਸੀ ਕਿ ਉਹ ਸਰਕਾਰੀ ਅਧਿਆਪਕ ਲੱਗ ਜਾਵੇਗਾ ਪਰ ਅੱਜ ਤੱਕ ਉਸ ਨੂੰ ਰੁੁਜ਼ਗਾਰ ਨਹੀਂ ਮਿਲਿਆ। ਉਸ ਨੇ ਦੱਸਿਆ ਕਿ 2017 ਦੌਰਾਨ ਆਸ ਬੱਝੀ ਸੀ ਕਿ ਘਰ-ਘਰ ਰੁਜ਼ਗਾਰ ਤਹਿਤ ਉਸ ਨੂੰ ਵੀ ਰੁਜ਼ਗਾਰ ਮਿਲ ਜਾਵੇਗਾ ਪਰ ਕੈਪਟਨ ਸਰਕਾਰ ਨੇ ਉਸ ਦੀਆਂ ਆਸਾਂ ’ਤੇ ਬੂਰ ਨਹੀਂ ਪਾਇਆ। ਉਸ ਨੇ ਕਿਹਾ ਕਿ ਉਹ ਵੋਟ ਨਹੀਂ ਪਾਉਣਗੇ।
ਇਸੇ ਤਰ੍ਹਾਂ ਨੇੜਲੇ ਪਿੰਡ ਠੁੱਲੀਵਾਲ ਦੇ ਬੇਰੁਜ਼ਗਾਰ ਅਧਿਆਪਕ ਸੰਦੀਪ ਸਿੰਘ ਗਿੱਲ ਨੇ ਆਪਣੇ ਘਰ ਅੱਗੇ ਬੈਨਰ ਲਾਉਂਦਿਆਂ ਸਮੂਹ ਬੇਰੁਜ਼ਗਾਰਾਂ ਨੂੰ ਅਪੀਲ ਕੀਤੀ ਕਿ ਰੁਜ਼ਗਾਰ ਦੇ ਨਾਮ ਹੇਠ ਧੋਖਾ ਕਰਨ ਵਾਲੀਆਂ ਸਰਕਾਰਾਂ ਦੇ ਨੁਮਾਇੰਦੇ ਜਦੋਂ ਵੋਟਾਂ ਮੰਗਣ ਆਉਣ ਤਾਂ ਉਨ੍ਹਾਂ ਦਾ ਘਿਰਾਓ ਕੀਤਾ ਜਾਵੇ।
ਇਸ ਸਬੰਧੀ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਬੇਰੁਜ਼ਗਾਰ ਕਰੀਬ ਸਾਢੇ ਪੰਜ ਮਹੀਨੇ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਪੱਕਾ ਧਰਨਾ ਲਗਾ ਕੇ ਬੈਠੈ ਹਨ ਪਰ ਰੁਜ਼ਗਾਰ ਸਬੰਧੀ ਮੰਗ ਪ੍ਰਵਾਨ ਨਹੀਂ ਹੋਈ।
ਬੇਰੁਜ਼ਗਾਰਾਂ ਦੀ ਕੁੱਟਮਾਰ ਖ਼ਿਲਾਫ਼ ਸ਼ੁਰੂ ਹੋਈ ਪੋਸਟਰ ਮੁਹਿੰਮ
ਟੱਲੇਵਾਲ (ਲਖਵੀਰ ਸਿੰਘ ਚੀਮਾ): ਪਿੰਡ ਜੋਧਪੁਰ ਵਿੱਚ ‘ਦਿਓ ਜਵਾਬ ਕੈਪਟਨ ਸਾਬ’ ਦੇ ਪੋਸਟਰ ਲਗਾ ਕੇ ਕੈਪਟਨ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਹਨ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਪੜ੍ਹਾਈਆਂ ਪੁਰੀਆਂ ਕਰ ਚੁੱਕੇ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਲਈ ਸੰਘਰਸ਼ ਲੜਿਆ ਜਾ ਰਿਹਾ ਹੈ ਕਿਉਂਕਿ ਨੌਕਰੀਆਂ ਦਾ ਵਾਅਦਾ ਕਰਕੇ ਕੈਪਟਨ ਸਰਕਾਰ ਸੱਤਾ ਵਿੱਚ ਆਈ ਸੀ ਪਰ ਸਾਢੇ ਚਾਰ ਸਾਲ ਬੀਤ ਜਾਣ ’ਤੇ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਪਿਛਲੇ ਦਿਨੀਂ ਪਟਿਆਲਾ ਵਿੱਚ ਮੁੱਖ ਮੰਤਰੀ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਪੁਲੀਸ ਵਲੋਂ ਬੇਰੁਜ਼ਗਾਰਾਂ ਦੀ ਕੁੱਟਮਾਰ ਕੀਤੀ ਗਈ ਸੀ। ਇਸ ਦੇ ਰੋਸ ਵਜੋਂ ਪੋਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ।