ਪਰਮਜੀਤ ਸਿੰਘ
ਫਾਜ਼ਿਲਕਾ, 15 ਜੂਨ
ਪੰਜਾਬ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਮੌਕੇ ਜਿੱਥੇ ਇਕ ਪਾਸੇ ਨਹਿਰੀ ਮਹਿਕਮੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਦੇਣ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ, ਉਥੇ ਹੀ ਅਸਲੀਅਤ ਕੁੱਝ ਹੋਰ ਹੈ। ਮੰਡੀ ਲਾਧੂਕਾ ਨੇੜਲੇ ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਵਾਲੀ ਚੱਕ ਪੱਖੀ ਈਸਟਨ ਕੈਨਾਲ ਮੇਨ ’ਚੋਂ ਨਿਕਲਦੇ ਹੌਜ਼ ਖਾਸ ਮਾਈਨਰ ਦੀ ਮਹਿਕਮੇ ਵੱਲੋਂ ਸਫ਼ਾਈ ਨਾ ਕਰਵਾਉਣ ਕਰਕੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਟਿਊਬਵੈੱਲਾਂ ਰਾਹੀਂ ਪਾਣੀ ਦੀ ਪੂਰਤੀ ਨਾ ਹੋਣ ਕਰਕੇ ਹੌਜ਼ ਖਾਸ ਮਾਈਨਰ ਜੋ ਕਿ ਲਗਭਗ 12 ਪਿੰਡਾਂ ਨੂੰ ਪਾਣੀ ਮੁਹੱਈਆ ਕਰਵਾਉਂਦੀ ਹੈ, ਉਸਦੀ ਸਫ਼ਾਈ ਕਿਸਾਨਾਂ ਨੂੰ ਖੁਦ ਕਰਨੀ ਪੈ ਰਹੀ ਹੈ। ਅੱਜ ਮਾਈਨਰ ਦੀ ਸਫ਼ਾਈ ਕਰਨ ਦੌਰਾਨ ਪਿੰਡ ਚੱਕ ਛੱਪੜੀ ਵਾਲਾ ਦੇ ਕਿਸਾਨ ਅਤੇ ਪਿੰਡ ਦੇ ਸਰਪੰਚ ਹਰਕ੍ਰਿਸ਼ਨ ਲਾਲ ਨੇ ਕਿਹਾ ਕਿ ਇਸ ਸਮੱਸਿਆ ਲਈ ਜ਼ਿੰਮੇਵਾਰ ਸਬੰਧਤ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।