ਨਿਊਯਾਰਕ, 16 ਜੂਨ
ਮੋਡਰਨਾ ਕੋਵਿਡ-19 ਵੈਕਸੀਨ ਅਤੇ ਪ੍ਰੋਟੀਨ ਆਧਾਰਿਤ ਟੀਕੇ ਦੇ ਬਾਂਦਰਾਂ ਦੇ ਬੱਚਿਆਂ ’ਤੇ ਕੀਤੇ ਗਏ ਪ੍ਰੀਖਣ ਸੁਰੱਖਿਅਤ ਸਾਬਿਤ ਹੋਏ ਹਨ ਅਤੇ ਉਨ੍ਹਾਂ ’ਚ ਸਾਰਸ-ਸੀਓਵੀ-2 ਖ਼ਿਲਾਫ਼ ਐਂਟੀਬਾਡੀਜ਼ ਮਿਲੀਆਂ ਹਨ। ਜਰਨਲ ’ਚ ਪ੍ਰਕਾਸ਼ਿਤ ਖੋਜ ’ਚ ਕਿਹਾ ਗਿਆ ਹੈ ਕਿ ਮਹਾਮਾਰੀ ’ਤੇ ਨੱਥ ਪਾਉਣ ’ਚ ਬੱਚਿਆਂ ਲਈ ਤਿਆਰ ਹੋ ਰਹੀ ਵੈਕਸੀਨ ਅਹਿਮ ਸਾਬਿਤ ਹੋ ਸਕਦੀ ਹੈ। ਨਿਊਯਾਰਕ-ਪ੍ਰੀਸਬਾਇਟੇਰੀਅਨ ਕੋਮਨੈਸਕੀ ਚਿਲਡਰਨਜ਼ ਹਸਪਤਾਲ ਦੇ ਸੈਲੀ ਪਰਮਾਰ ਨੇ ਕਿਹਾ ਕਿ ਬੱਚਿਆਂ ’ਚ ਸੁਰੱਖਿਅਤ ਅਤੇ ਅਸਰਦਾਰ ਵੈਕਸੀਨ ਨਾਲ ਕੋਵਿਡ-19 ਦੇ ਫੈਲਾਅ ਨੂੰ ਘੱਟ ਕਰਨ ’ਚ ਸਹਾਇਤਾ ਮਿਲੇਗੀ। ਅਧਿਐਨ ’ਚ ਦੱਸਿਆ ਗਿਆ ਹੈ ਕਿ ਬਾਂਦਰਾਂ ਦੇ 16 ਬੱਚਿਆਂ ’ਤੇ ਕੀਤੇ ਗੲੇ ਪ੍ਰੀਖਣ ’ਚ ਐਂਟੀਬਾਡੀ 22 ਹਫ਼ਤਿਆਂ ਤੱਕ ਬਣੇ ਰਹੇ। ਵੈਕਸੀਨ ਨੂੰ ਲੰਬੇ ਸਮੇਂ ਤੱਕ ਅਸਰਦਾਰ ਬਣਾਈ ਰੱਖਣ ਲਈ ਵੀ ਤਜਰਬੇ ਚੱਲ ਰਹੇ ਹਨ। ਬਾਂਦਰਾਂ ਦੇ ਬੱਚਿਆਂ ਨੂੰ ਦੋ ਗਰੁੱਪਾਂ ’ਚ ਵੰਡਿਆ ਅਤੇ ਪਹਿਲਾਂ 2.2 ਮਹੀਨੇ ਦੇ ਹੋਣ ਅਤੇ ਫਿਰ ਚਾਰ ਹਫ਼ਤਿਆਂ ਮਗਰੋਂ ਟੀਕੇ ਲਗਾਏ ਗਏ। -ਪੀਟੀਆਈ