ਪੱਤਰ ਪ੍ਰੇਰਕ
ਪਠਾਨਕੋਟ, 16 ਜੂਨ
ਥਾਣਾ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਇੱਕ ਨਾਬਾਲਗ ਲੜਕੀ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ਼ ਤਹਿਤ ਕੇਸ ਦਰਜ ਕੀਤਾ ਹੈ। ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਦੀ ਉਮਰ 17 ਸਾਲ 6 ਮਹੀਨੇ ਹੈ। ਉਹ ਪਿਛਲੇ ਮਹੀਨੇ 20 ਤਰੀਕ ਨੂੰ ਆਪਣੇ ਨਾਨਕੇ ਗਈ ਹੋਈ ਸੀ ਜਿੱਥੇ ਉਨ੍ਹਾਂ ਦੇ ਗੁਆਂਢ ’ਚ ਰਹਿੰਦੇ ਰਣਜੋਧ ਸਿੰਘ ਉਰਫ਼ ਰੌਬਿਨ ਨਾਲ ਉਸ ਦੀ ਜਾਣ-ਪਛਾਣ ਹੋ ਗਈ ਜਿਸ ਨਾਲ ਉਸਦੀ ਫੋਨ ’ਤੇ ਵੀ ਗੱਲਬਾਤ ਵੀ ਹੁੰਦੀ ਰਹਿੰਦੀ ਸੀ।
ਪੀੜਤਾ ਨੇ ਦੋਸ਼ ਲਾਇਆ ਕਿ 11 ਤਰੀਕ ਨੂੰ ਰਣਜੋਧ ਸਿੰਘ ਨੇ ਸਵੇਰੇ 10 ਵਜੇ ਉਸ ਨੂੰ ਫੋਨ ਕਰ ਕੇ ਗੁਰਦਾਸਪੁਰ ਆਉਣ ਲਈ ਕਿਹਾ ਤੇ ਜਦੋਂ ਉਸ ਨੇ ਨਾਂਹ ਕੀਤੀ ਤਾਂ ਉਸ ਨੇ ਉਸ ਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਜੇਕਰ ਉਹ ਨਾ ਆਈ ਤਾਂ ਉਹ ਉਸ ਦੇ ਪਿਤਾ ਅਤੇ ਭਰਾ ਨੂੰ ਜਾਨੋਂ ਮਾਰ ਦੇਵੇਗਾ। ਉਸ ਨੇ ਦੱਸਿਆ ਕਿ ਉਹ ਡਰ ਕੇ ਬੱਸ ਰਾਹੀਂ ਗੁਰਦਾਸਪੁਰ ਚਲੀ ਗਈ ਜਿੱਥੇ ਬੱਸ ਸਟੈਂਡ ’ਤੇ ਮੁਲਜ਼ਮ ਰਣਜੋਧ ਸਿੰਘ ਉਸ ਨੂੰ ਮਿਲਿਆ ਤੇ ਉਸ ਨੂੰ ਅੰਮ੍ਰਿਤਸਰ ਹੋਟਲ ਜੀਵਨ ਕੈਸਲ ਲਿਜਾ ਕੇ ਉਸ ਨਾਲ ਦੋ ਵਾਰ ਜਬਰ-ਜਨਾਹ ਕੀਤਾ। ਉਸ ਨੇ ਦੋਸ਼ ਲਾਇਆ ਕਿ 12 ਤਰੀਕ ਨੂੰ ਰਾਤ 11 ਵਜੇ ਹੋਟਲ ਦੇ ਮੈਨੇਜਰ ਅਮਰਜੀਤ ਸੰਧੂ ਨੇ ਵੀ ਉਸ ਨਾਲ ਜਬਰ-ਜਨਾਹ ਕੀਤਾ। ਉਸ ਨੇ ਦੱਸਿਆ ਕਿ ਉਹ 14 ਤਰੀਕ ਰਾਤ ਨੂੰ 12 ਵਜੇ ਹੋਟਲ ਤੋਂ ਉਨ੍ਹਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਬੱਸ ’ਤੇ ਆਪਣੇ ਘਰ ਪੁੱਜੀ। ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਦਰਜ ਕਰ ਕੀਤਾ ਲਿਆ ਹੈ।