ਕੋਲਕਾਤਾ, 17 ਜੂਨ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕੋਲਕਾਤਾ ਹਾਈ ਕੋਰਟ ਦਾ ਰੁਖ਼ ਕਰਦਿਆਂ ਸ਼ੁਵੇਂਦੂ ਅਧਿਕਾਰੀ ਖ਼ਿਲਾਫ਼ ਚੋਣ ਪਟੀਸ਼ਨ ਦਾਖ਼ਲ ਕੀਤੀ ਹੈ। ਟੀਐੱਮਸੀ ਸੁਪਰੀਮੋ ਵੱਲੋਂ ਦਾਇਰ ਪਟੀਸ਼ਨ ’ਤੇ ਇਕਹਿਰੇ ਬੈਂਚ ਵੱਲੋਂ ਭਲਕੇ ਸ਼ੁੱਕਰਵਾਰ ਨੂੰ ਸੁਣਵਾਈ ਕੀਤੀ ਜਾਵੇਗੀ। ਹਾਈ ਕੋਰਟ ਵੱਲੋਂ ਆਪਣੀ ਵੈੱਬਸਾਈਟ ’ਤੇ ਜਾਰੀ ਕੇਸਾਂ ਦੀ ਸੂਚੀ ਮੁਤਾਬਕ ਜਸਟਿਸ ਕੌਸ਼ਿਕ ਚੰਦਰਾ ਦਾ ਬੈਂਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਕਰੇਗਾ। ਚੇਤੇ ਰਹੇ ਕਿ ਹਾਲੀਆ ਅਸੈਂਬਲੀ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਨੰਦੀਗ੍ਰਾਮ ਹਲਕੇ ਲਈ ਫਸਵੀਂ ਟੱਕਰ ਦੌਰਾਨ ਅਧਿਕਾਰੀ ਨੂੰ ਜੇਤੂ ਐਲਾਨਿਆ ਸੀ। ਦੱਸਣਾ ਬਣਦਾ ਹੈ ਕਿ ਸਬੰਧਤ ਚੋਣ ਅਧਿਕਾਰੀਆਂ ਨੇ ਈਵੀਐੱਮਜ਼ ਨਾਲ ਕਥਿਤ ਛੇੜਖਾਨੀ ਦੇ ਦਾਅਵੇ ਤੇ ਵੋਟਾਂ ਦੀ ਗਿਣਤੀ ਮੁੜ ਕਰਵਾਏ ਜਾਣ ਦੀ ਬੀਬੀ ਬੈਨਰਜੀ ਦੀ ਮੰਗ ਨੂੰ ਖਾਰਜ ਕਰ ਦਿੱਤਾ ਸੀ। –ਪੀਟੀਆਈ