ਪੱਤਰ ਪ੍ਰੇਰਕ
ਬੁਢਲਾਡਾ, 17 ਜੂਨ
ਜਬਰ ਜਨਾਹ ਦੇ ਮਾਮਲੇ ’ਚ ਨਾਮਜ਼ਦ ਇੱਥੋਂ ਦੇ ਭਾਜਪਾ ਆਗੂ ਪ੍ਰੇਮ ਕੁਮਾਰ ਗਰਗ ਨੂੰ ਪੁਲੀਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ ਹੈ। ਸ਼ਹਿਰ ਦੇ ਵਾਰਡ ਨੰਬਰ 14 ਵਿੱਚੋਂ ਦੂਜੀ ਵਾਰ ਕੌਂਸਲਰ ਚੁਣਿਆ ਗਿਆ ਇਹ ਭਾਜਪਾ ਆਗੂ ਪਿਛਲੀ ਅਕਾਲੀ ਸਰਕਾਰ ਸਮੇਂ ਮਾਰਕੀਟ ਕਮੇਟੀ ਬੁਢਲਾਡਾ ਦਾ ਉਪ ਚੇਅਰਮੈਨ ਵੀ ਰਹਿ ਚੁੱਕਿਆ ਹੈ।
ਡੀਐੱਸਪੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਸ਼ਹਿਰ ਦੀ ਨਗਰ ਕੌਂਸਲ ਵਿੱਚ ਮਹਿਲਾ ਸੇਵਾਦਾਰ ਦੀ ਭੈਣ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਤ ਕੌਂਸਲਰ ਖ਼ਿਲਾਫ਼ ਥਾਣਾ ਸਿਟੀ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ ਤੇ ਪੜਤਾਲ ਤੋਂ ਬਾਅਦ ਮੁਕੱਦਮੇ ਵਿੱਚ ਜਬਰ-ਜਨਾਹ ਅਤੇ ਪੀੜਤ ਲੜਕੀ ਦੀਆਂ ਤਸਵੀਰਾਂ ਵਾਇਰਲ ਕਰਨ ਸਬੰਧੀ ਵੱਖ-ਵੱਖ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਸੀ। ਉਸੇ ਦਿਨ ਤੋਂ ਪੁਲੀਸ ਦੀਆਂ ਵੱਖ-ਵੱਖ ਟੀਮਾਂ ਭਾਜਪਾ ਆਗੂ ਦੀ ਭਾਲ ਵਿੱਚ ਲੱਗੀਆਂ ਹੋਈਆਂ ਸਨ, ਜਿਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੂਜੇ ਪਾਸੇ ਸ਼ਹਿਰ ਦੇ ਭਾਜਪਾ ਨਾਲ ਸਬੰਧਤ ਸੀਨੀਅਰ ਆਗੂ ਹੁਣ ਇਹ ਕਹਿਣ ਲੱਗ ਪਏ ਹਨ ਕਿ ਭਾਜਪਾ ਕੌਂਸਲਰ ਪ੍ਰੇਮ ਕੁਮਾਰ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ।
ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਐਡਵੋਕੇਟ ਗੁਰਲਾਭ ਸਿੰਘ ਮਾਹਲ ਵੱਲੋਂ ਭੇਜੇ ਲਿਖਤੀ ਪੱਤਰਾਂ ’ਤੇ ਕਾਰਵਾਈ ਕਰਦਿਆਂ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਪਾਸੋਂ ਰਿਪੋਰਟ ਮੰਗੀ ਸੀ।