ਸਤਪਾਲ ਰਾਮਗੜ੍ਹੀਆ
ਪਿਹੋਵਾ, 18 ਜੂਨ
ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਚੱਲ ਰਿਹਾ ਵਿਵਾਦ ਰੁਕ ਨਹੀਂ ਰਿਹਾ। ਸ਼ੁੱਕਰਵਾਰ ਨੂੰ ਕਿਸਾਨਾਂ ਨੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਦਾ ਵਿਰੋਧ ਕਰਕੇ ਹੰਗਾਮਾ ਖੜ੍ਹਾ ਕਰ ਦਿੱਤਾ ਜਿਸ ਕਾਰਨ ਮਾਹੌਲ ਤਣਾਅਪੂਰਨ ਬਣ ਗਿਆ ਹੈ। ਜਿਵੇਂ ਹੀ ਕਿਸਾਨਾਂ ਨੂੰ ਕਿਸਾਨ ਰੈਸਟ ਹਾਊਸ ਵਿੱਚ ਭਾਜਪਾ ਵਰਕਰਾਂ ਦੀ ਮੀਟਿੰਗ ਦੀ ਜਾਣਕਾਰੀ ਮਿਲੀ, ਉਹ ਵੱਡੀ ਗਿਣਤੀ ਵਿੱਚ ਉਥੇ ਪਹੁੰਚ ਗਏ ਅਤੇ ਕਾਲੇ ਝੰਡੇ ਦਿਖਾ ਕੇ ਨਾਅਰੇਬਾਜ਼ੀ ਕੀਤੀ। ਦੱਸ ਦੇਈਏ ਕਿ ਭਾਜਪਾ ਦੀ ਤਰਫੋਂ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਸੈਣੀ ਦੀ ਪ੍ਰਧਾਨਗੀ ਹੇਠ ਪਾਰਟੀ ਦੀ ਇੱਕ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਇੰਚਾਰਜ ਮੇਹਰ ਚੰਦ ਗਹਿਲੋਤ ਵੀ ਵਰਕਰਾਂ ਨੂੰ ਮਿਲਣ ਪਹੁੰਚੇ ਪਰ ਇਸ ਦੌਰਾਨ ਦਰਜਨਾਂ ਕਿਸਾਨ ਰੈਸਟ ਹਾਊਸ ਬਾਹਰ ਇਕੱਠੇ ਹੋ ਗਏ ਅਤੇ ਨਾਅਰੇਬਾਜ਼ੀ ਕਰਨ ਲਗ ਪਏ। ਸੂਚਨਾ ਮਿਲਣ ‘ਤੇ ਡੀਐਸਪੀ ਗੁਰਮੇਲ ਸਿੰਘ ਅਤੇ ਸਿਟੀ ਥਾਣਾ ਇੰਚਾਰਜ ਜਗਦੀਸ਼ ਟਮਕ ਵੀ ਪੁਲੀਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਅਤੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਕਿਸਾਨ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਰਹੇ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਬੰਦ ਕਰਕੇ ਭਾਜਪਾ ਆਗੂ ਓਥੋਂ ਨਹੀਂ ਹਟੇ ਤਾਂ ਮਾਹੌਲ ਖਰਾਬ ਹੋ ਜਾਵੇਗਾ। ਇਸ ਤੋਂ ਬਾਅਦ ਭਾਜਪਾ ਨੇਤਾਵਾਂ ਨੇ ਬੈਠਕ ਮੁਲਤਵੀ ਕਰ ਦਿੱਤੀ ਅਤੇ ਚਲੇ ਗਏ।
ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਸੰਯੁਕਤ ਕਿਸਾਨ ਮੋਰਚਾ ਨੇ ਪੂਰੇ ਪ੍ਰਦੇਸ਼ ਵਿੱਚ ਭਾਜਪਾ ਜੇਜੇਪੀ ਦੇ ਜਨਤਕ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਜੇ ਦੋਵੇਂ ਧਿਰਾਂ ਦੇ ਆਗੂ ਪ੍ਰੋਗਰਾਮ ਉਲੀਕਣਗੇ ਤਾਂ ਉਹ ਨਿਸ਼ਚਤ ਰੂਪ ਵਿੱਚ ਵਿਰੋਧ ਕਰਨ ਲਈ ਪਹੁੰਚਣਗੇ। ਉਨ੍ਹਾਂ ਕਿਹਾ ਕਿ ਕਾਨੂੰਨਾਂ ਨੂੰ ਵਾਪਸ ਕਰਵਾਉਣ ਤਕ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਸਿੰਘੂ ਮੋਰਚੇ ’ਤੇ ਭਾਸ਼ਣਾਂ ਦਾ ਦੌਰ ਮਘਿਆ
ਨਵੀਂ ਦਿੱਲੀ (ਪੱਤਰ ਪ੍ਰੇਰਕ) : ਸਿੰਘੂ ਮੋਰਚੇ ਤੋਂ ਅੱਜ ਕਿਸਾਨ ਆਗੂਆਂ ਨੇ ਤਾਬੜ-ਤੋੜ ਭਾਸ਼ਣ ਦੇ ਕੇ ਦੇਸ਼ ਵਾਸੀਆਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ 26 ਜੂਨ ਦੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਨੂੰ ਸਫਲ ਬਣਾਉਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਿਸਾਨ, ਨੌਜਵਾਨ, ਔਰਤਾਂ ਤੇ ਬੁੱਧੀਜੀਵੀ ਵਰਗ ਰਾਜਾਂ ਦੀਆਂ ਰਾਜਧਾਨੀਆਂ ‘ਚ ਰਾਜਪਾਲਾਂ/ ਉਪਰਾਜਪਾਲਾਂ ਦੇ ਰਾਜ ਭਵਨਾਂ ਵੱਲ ਮਾਰਚ ਕੱਢਣ। ਸਿੰਘੂ ਦੀ ਮੁੱਖ ਸਟੇਜ ਤੋਂ ਡਾ. ਸਨਤਾਮ ਸਿੰਘ ਅਜਨਾਲਾ, ਪ੍ਰੇਮ ਸਿੰਘ ਭੰਗੂ ਤੇ ਸੁਖਦਰਸ਼ਨ ਨੱਤ ਸਮੇਤ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੇ 7 ਸਾਲਾਂ ਦੌਰਾਨ ਲੋਕ ਵਿਰੋਧੀ ਨੀਤੀਆਂ ਤੇ ਕਾਨੂੰਨ ਪਾਸ ਕਰਕੇ ਸਰਮਾਏਦਾਰਾਂ ਤੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਮੁਨਾਫ਼ੇ ਦਿੱਤੇ। ਇਸ ਨਾਲ ਦੇਸ਼ ਦਾ ਖਜ਼ਾਨਾ ਕੁੱਝ ਲੋਕਾਂ ਦੇ ਹੱਥ ‘ਚ ਚਲਾ ਗਿਆ। ਆਮ ਲੋਕਾਂ ਦੇ ਹੱਕਾਂ ਉਪਰ ਡਾਕੇ ਮਾਰੇ ਗਏ ਤੇ ਕਿਸਾਨ/ਮਜ਼ਦੂਰ ਵਿਰੋਧੀ ਖੇਤੀ ਕਾਨੂੰਨ ਘੜੇ ਗਏ। ਆਗੂਆਂ ਨੇ ਕਿਹਾ ਕਿ ਲੋਕਾਂ ‘ਚ ਜਨਵਿਰੋਧੀ ਨੀਤੀਆਂ ਨੂੰ ਲੈ ਕੇ ਗੁੱਸਾ ਹੈ ਤੇ ਕਿਸਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਪਿੰਡਾਂ ‘ਚ ਘੇਰਾਬੰਦੀ ਤੋਂ ਇਸ ਦੀ ਝਲਕ ਮਿਲਦੀ ਹੈ। ਆਗੂਆਂ ਮੁਤਾਬਕ ਕਿਸਾਨੀ ਸੰਘਰਸ਼ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ।