ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 18 ਜੂਨ
ਦੋ ਕਿਸਾਨਾਂ ਦਰਮਿਆਨ ਹੋਏ ਝਗੜੇ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਥਾਣਾ ਕਾਹਨੂੰਵਾਨ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋਨ ਪ੍ਰਧਾਨ ਗੁਰਮੁਖ ਸਿੰਘ ਖਾਨ ਮਲੱਕ ਅਤੇ ਸਕੱਤਰ ਅਨੂਪ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਨੈਨੇਕੋਟ ਦੇ ਕਿਸਾਨ ਗੁਰਮੇਜ ਸਿੰਘ, ਸਵਿੰਦਰ ਸਿੰਘ, ਗੁਲਜ਼ਾਰ ਸਿੰਘ ਅਤੇ ਰੌਸ਼ਨ ਸਿੰਘ ਦਾ ਦੂਜੀ ਧਿਰ ਦੇ ਭੁਪਿੰਦਰ ਸਿੰਘ ਨਾਲ ਖੇਤ ਦੇ ਬੰਨੇ ਨੂੰ ਲੈ ਕੇ ਝਗੜਾ ਹੋ ਗਿਆ ਸੀ। ਦੋਵਾਂ ਧਿਰਾਂ ਦੇ ਸੱਟਾਂ ਲੱਗੀਆਂ ਸਨ ਪਰ ਰਾਜਨੀਤਕ ਦਬਾਅ ਦੇ ਚੱਲਦਿਆਂ ਪੁਲੀਸ ਵੱਲੋਂ ਗੁਰਮੇਜ ਸਿੰਘ ਦੀ ਧਿਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ। ਭੁਪਿੰਦਰ ਸਿੰਘ ਦੇ ਖ਼ਿਲਾਫ਼ ਕੱਟੀ ਗਈ ਐੱਮਐੱਲਆਰ ਨੂੰ ਦਰਕਿਨਾਰ ਕਰਦਿਆਂ ਗੁਰਮੇਜ ਸਿੰਘ ਦੀ ਧਿਰ ਨਾਲ ਕਥਿਤ ਤੌਰ ’ਤੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਜਿਸ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਥਾਣਾ ਕਾਹਨੂੰਵਾਨ ਸਾਹਮਣੇ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਵਾਂ ਧਿਰਾਂ ਦੇ ਬਣਦੇ ਪਰਚੇ ਦਰਜ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ।
ਇਸ ਸਬੰਧੀ ਜਦੋਂ ਡੀਐੱਸਪੀ. ਕੁਲਵਿੰਦਰ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਭਰੋਸਾ ਦਿੱਤਾ ਹੈ ਕਿ ਗੁਰਮੇਜ ਸਿੰਘ ਧਿਰ ਦੇ ਉੱਪਰ ਦਰਜ ਹੋਏ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇਗਾ।