ਗੁਰਪ੍ਰੀਤ ਸਿੰਘ
ਘਨੌਰ, 18 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਘਨੌਰ ਵਿੱਚ ਸਿਆਸੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਚੰਦੂਮਾਜਰਾ ਨੇ ਅੱਜ ਕਸਬਾ ਘਨੌਰ ਸਮੇਤ ਪਿੰਡ ਅਲੀਮਾਜਰਾ ਅਤੇ ਲੋਹਸਿੰਬਲੀ ਵਿੱਚ ਮੀਟਿੰਗਾਂ ਕੀਤੀਆਂ। ਉਨ੍ਹਾਂ ਦੀਆਂ ਸਰਗਰਮੀਆਂ ਤੋਂ ਜਾਪਦਾ ਹੈ ਕਿ ਉਹ ਘਨੌਰ ਤੋਂ ਚੋਣ ਲੜਨਗੇ।
ਜਾਣਕਾਰੀ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਹਲਕਾ ਘਨੌਰ ਤੋਂ ਫ਼ਿਲਹਾਲ ਮੁਖਮੈਲਪੁਰ ਪਰਿਵਾਰ ਚੋਣ ਲੜਦਾ ਆ ਰਿਹਾ ਹੈ। ਸਾਬਕਾ ਮੰਤਰੀ ਅਜਾਇਬ ਸਿੰਘ ਸਿੰਘ ਮੁਖਮੈਲਪੁਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ ਮੁਖਮੈਲਪੁਰ ਵੀ ਇੱਥੋਂ 2012 ’ਚ ਚੋਣ ਜਿੱਤੇ ਚੁੱਕੇ ਹਨ। ਐਤਕੀ ਮੁਕਾਬਲਾ ਕਾਂਗਰਸ ਦੇ ਮਦਨ ਲਾਲ ਜਲਾਲਪੁਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਹੋ ਸਕਦਾ ਹੈ। ਸ੍ਰੀ ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੇ ਭਲੇ ਲਈ ਆਗਾਮੀ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਹਰਾਉਣਾ ਜ਼ਰੂਰੀ ਹੈ। ਉਨ੍ਹਾਂ ਕਿ ਅਕਾਲੀ ਦਲ ਇੱਕੋ-ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਅਤੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੀ ਹੈ ਜਦਕਿ ਕਾਂਗਰਸ ਨੇ ਆਪਣੇ ਰਾਜ ਕਾਲ ਦੌਰਾਨ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ। ‘ਆਪ’ ਬਾਰੇ ਉਨ੍ਹਾਂ ਆਖਿਆ ਕਿ ਐਤਕੀਂ ਇਸ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਪ੍ਰੋ. ਚੰਦੂਮਾਜਰਾ ਨੇ ਪਾਵਰਕੌਮ ਦੀ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਂਦੇ 48 ਘੰੰਟਿਆਂ ਦੌਰਾਨ ਹਲਕੇ ਵਿੱਚ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਬਹਾਲ ਨਾ ਹੋਈ ਤਾਂ ਸੋਮਵਾਰ ਨੂੰ ਸਬੰਧਤ ਅਧਿਕਾਰੀਆਂ ਦੇ ਦਫਤਰਾਂ ਮੂਹਰੇ ਰੋਸ ਧਰਨਾ ਦੇਣਗੇ।