ਧਰਮਪਾਲ
‘ਕੁਮਕੁਮ ਭਾਗਿਆ’ ਵਿਚ ਦੋ ਸਾਲ ਦਾ ਲੀਪ
ਜ਼ੀ ਟੀਵੀ ਦਾ ਸ਼ੋਅ ‘ਕੁਮਕੁਮ ਭਾਗਿਆ’ ਆਪਣੀ ਦਿਲਚਸਪ ਕਹਾਣੀ, ਰੁਮਾਂਚਕ ਮੋੜ ਅਤੇ ਅਭੀ (ਸ਼ਬੀਰ ਆਹਲੂਵਾਲੀਆ), ਪ੍ਰਗਿਆ (ਸ਼ਰੁਤੀ ਝਾਅ), ਰੀਆ (ਪੂਜਾ ਬੈਨਰਜੀ), ਰਣਬੀਰ (ਕ੍ਰਿਸ਼ਨਾ ਕੌਲ) ਅਤੇ ਪ੍ਰਾਚੀ (ਮੁਗਧਾ ਚਾਫੇਕਰ) ਵਰਗੇ ਕਿਰਦਾਰਾਂ ਨਾਲ ਪਿਛਲੇ 7 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਭਾਰਤੀ ਪਰਿਵਾਰਾਂ ਦਾ ਪਸੰਦੀਦਾ ਸ਼ੋਅ ਬਣਿਆ ਹੋਇਆ ਹੈ।
ਨਿਰਮਾਤਾ ਹੁਣ ਇਸ ਸ਼ੋਅ ਵਿਚ ਨਵਾਂ ਮੋੜ ਲੈ ਕੇ ਆਏ ਹਨ ਜਦੋਂ ਅਭੀ ਅਤੇ ਪ੍ਰਗਿਆ ਦੀ ਦੁਨੀਆ ਹੀ ਉਲਟ ਗਈ ਹੈ। ਇਸ ਸ਼ੋਅ ਵਿਚ ਦੋ ਸਾਲ ਦਾ ਲੀਪ ਆ ਗਿਆ ਹੈ ਜਿਸ ਵਿਚ ਅਭੀ ਅਤੇ ਪ੍ਰਗਿਆ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਗਈ ਹੈ।
ਹਾਲ ਹੀ ਵਿਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪ੍ਰਗਿਆ ਅਭੀ ਨੂੰ ਤਨੂ ਨਾਲ ਮੰਗਣੀ ਕਰਨ ਲਈ ਮਨਾਉਂਦੀ ਹੈ ਤਾਂ ਕਿ ਤਨੂ ਅਭੀ ਦੇ ਖਿਲਾਫ਼ ਕੇਸ ਵਾਪਸ ਲੈ ਲਵੇ। ਇਸ ਵਿਚਕਾਰ ਮਹਿਰਾ ਪਰਿਵਾਰ ਅਭੀ ਨੂੰ ਨਿਰਦੋਸ਼ ਸਾਬਤ ਕਰਨ ਲਈ ਸਬੂਤ ਜੁਟਾਉਣ ਲਈ ਸੰਘਰਸ਼ ਕਰਦਾ ਹੈ ਤਾਂ ਕਿ ਤਨੂ ਨਾਲ ਉਸ ਦੇ ਵਿਆਹ ਨੂੰ ਰੋਕਿਆ ਜਾ ਸਕੇ। ਹਾਲਾਂਕਿ ਕਿਸਮਤ ਦੇ ਇਕ ਮੋੜ ‘ਤੇ ਪ੍ਰਗਿਆ ਦਾ ਭਿਆਨਕ ਐਕਸੀਡੈਂਟ ਹੋ ਜਾਂਦਾ ਹੈ ਅਤੇ ਉਹ ਲੀਪ ਤੋਂ ਠੀਕ ਪਹਿਲਾਂ ਵਾਲੇ ਐਪੀਸੋਡ ਦੌਰਾਨ ਲਾਪਤਾ ਹੋ ਜਾਂਦੀ ਹੈ। ਇਸ ਦੇ ਬਾਅਦ ਇਹ ਕਹਾਣੀ ਦੋ ਸਾਲ ਅੱਗੇ ਵਧ ਜਾਂਦੀ ਹੈ। ਲੀਪ ਦੇ ਬਾਅਦ ਇਕ ਨਵੇਂ ਅਧਿਆਏ ਵਿਚ ਦਰਸ਼ਕ ਦੇਖ ਰਹੇ ਹਨ ਕਿ ਅਭੀ ਹੁਣ ਪਹਿਲਾਂ ਵਰਗਾ ਖਹਾਇਸ਼ੀ ਰੌਕਸਟਾਰ ਨਹੀਂ ਰਿਹਾ। ਅਭੀ ਜ਼ਿੰਦਗੀ ਦੀ ਇਸ ਹਾਰ ਨੂੰ ਦਿਲ ਨਾਲ ਲਗਾ ਬੈਠਦਾ ਹੈ। ਉਹ ਆਪਣੇ ਪੂਰੇ ਪੈਸੇ ਗਵਾ ਦਿੰਦਾ ਹੈ ਅਤੇ ਨਿਰਾਸ਼ਾ ਅਤੇ ਨਸ਼ੇ ਵਿਚ ਡੁੱਬ ਜਾਂਦਾ ਹੈ। ਉਹ ਸਿਰਫ਼ ਆਪਣੇ ਨਸ਼ੇ ਦਾ ਖ਼ਰਚ ਉਠਾਉਣ ਲਈ ਕਦੇ ਕਦਾਈ ਗੀਤ ਗਾਉਂਦਾ ਹੈ।
ਲੀਪ ਸਬੰਧੀ ਸ਼ਬੀਰ ਆਹਲੂਵਾਲੀਆ ਨੇ ਕਿਹਾ, ”ਮੈਂ ‘ਕੁਮਕੁਮ ਭਾਗਿਆ’ ਪਰਿਵਾਰ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰ ਰਿਹਾ ਹਾਂ। ਜਿੱਥੇ ਮੈਂ ਬੀਤੇ 7 ਸਾਲਾਂ ਤੋਂ ਅਭੀ ਦੇ ਰੂਪ ਵਿਚ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹਾਂ। ਮੈਂ ਕਹਿਣਾ ਚਾਹਾਂਗਾ ਕਿ ਲੀਪ ਇਸ ਸ਼ੋਅ ਦੀ ਸਭ ਤੋਂ ਵੱਡੀ ਤਬਦੀਲੀ ਹੋਵੇਗੀ। ਇਸ ਤੋਂ ਪਹਿਲਾਂ ਅਸੀਂ 7 ਸਾਲ ਦਾ ਲੀਪ ਅਤੇ ਇਕ ਪੀੜ੍ਹੀ ਦਾ ਲੀਪ ਵੀ ਲਿਆ ਹੈ, ਪਰ ਇਹ ਅਸਲ ਵਿਚ ਸਾਡੀ ਜ਼ਿੰਦਗੀ ਨੂੰ ਉਲਟਾ ਕੇ ਰੱਖ ਦੇਵੇਗਾ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ।’
ਸ਼ਰੁਤੀ ਝਾਅ ਕਹਿੰਦੀ ਹੈ, ”ਇਸ ਲੀਪ ਵਿਚ ਬਹੁਤ ਸਾਰਾ ਰੁਮਾਂਚ ਹੈ ਜਿੱਥੇ ਅਭੀ ਅਤੇ ਪ੍ਰਗਿਆ ਦੀ ਕਿਸਮਤ ਪੂਰੀ ਤਰ੍ਹਾਂ ਬਦਲ ਜਾਂਦੀ ਹੈ।”
ਕ੍ਰਿਕਟ ਪ੍ਰੇਮੀ ਰਿਸ਼ਭ
ਸੋਨੀ ਸਬ ਦੇ ਹਲਕੇ ਫੁਲਕੇ ਸ਼ੋਅ ‘ਤੇਰਾ ਯਾਰ ਹੂੰ ਮੈਂ’ ਨੇ ਆਪਣੀ ਦਿਲਚਸਪ ਅਤੇ ਸਾਰਿਆਂ ਨੂੰ ਜੋੜਨ ਵਾਲੀ ਕਹਾਣੀ ਨਾਲ ਦਰਸ਼ਕਾਂ ਨੂੰ ਬੰਨ੍ਹਕੇ ਰੱਖਿਆ ਹੋਇਆ ਹੈ। ਦਰਸ਼ਕਾਂ ਨੂੰ ਇਸ ਸ਼ੋਅ ਦੇ ਕਿਰਦਾਰ ਅਤੇ ਉਨ੍ਹਾਂ ਦੀ ਔਨ ਸਕਰੀਨ ਕੈਮਿਸਟਰੀ ਬਹੁਤ ਪਸੰਦ ਆ ਰਹੀ ਹੈ। ਅੰਸ਼ ਸਿਨਹਾ, ਇਸ ਸ਼ੋਅ ਦਾ ਇਕ ਅਜਿਹਾ ਕਲਾਕਾਰ ਹੈ ਜਿਸ ਨੂੰ ਨੌਜਵਾਨ ਰਿਸ਼ਭ ਬੰਸਲ ਦੀ ਆਪਣੀ ਭੂਮਿਕਾ ਲਈ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਅੰਸ਼ ਸਿਨਹਾ ਅਦਾਕਾਰੀ ਹੀ ਨਹੀਂ ਬਲਕਿ ਕਈ ਚੀਜ਼ਾਂ ਵਿਚ ਮਾਹਿਰ ਹੈ ਅਤੇ ਉਨ੍ਹਾਂ ਵਿਚੋਂ ਇਕ ਹੈ ਖੇਡਾਂ ਪ੍ਰਤੀ ਉਸ ਦਾ ਬੇਇੰਤਹਾ ਪਿਆਰ।
ਅੰਸ਼ ਸਿਨਹਾ ਇਕ ਐਕਟਰ ਦੇ ਰੂਪ ਵਿਚ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ, ਪਰ ਅਸੀਂ ਇਸ ਗੱਲ ਨੂੰ ਅਣਦੇਖਿਆ ਨਹੀਂ ਕਰ ਸਕਦੇ ਕਿ ਉਹ ਗੋਲਡ ਮੈਡਲਿਸਟ ਤੈਰਾਕ ਹੈ। ਉਸ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਵਿਚ ਖੇਡਾਂ ਨੂੰ ਕਿਸ ਤਰ੍ਹਾਂ ਸ਼ਾਮਲ ਕੀਤਾ ਹੈ।
ਖੇਡਾਂ ਪ੍ਰਤੀ ਆਪਣੇ ਪਿਆਰ ਬਾਰੇ ਦੱਸਦੇ ਹੋਏ ਅੰਸ਼ ਸਿਨਹਾ ਨੇ ਕਿਹਾ, ”ਹਰ ਭਾਰਤੀ ਦੀ ਤਰ੍ਹਾਂ ਮੈਨੂੰ ਵੀ ਕ੍ਰਿਕਟ ਨਾਲ ਬਹੁਤ ਪਿਆਰ ਹੈ। ਬਚਪਨ ਤੋਂ ਹੀ ਮੇਰੇ ਪਸੰਦੀਦਾ ਖਿਡਾਰੀ ਸਚਿਨ ਤੇਂਦੁਲਕਰ ਰਹੇ ਹਨ। ਕ੍ਰਿਕਟ ਇਕ ਅਜਿਹੀ ਖੇਡ ਹੈ ਜਿਸ ਨੂੰ ਮੈਂ ਨਾ ਸਿਰਫ਼ ਦੇਖਣਾ ਪਸੰਦ ਕਰਦਾ ਹਾਂ, ਬਲਕਿ ਮੈਂ ਹਮੇਸ਼ਾਂ ਸ਼ੂਟਿੰਗ ਤੋਂ ਸਮਾਂ ਕੱਢਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ ਤਾਂ ਕਿ ਮੈਂ ਇਸ ਦੀ ਚੰਗੀ ਤਰ੍ਹਾਂ ਪ੍ਰੈਕਟਿਸ ਵੀ ਕਰ ਸਕਾਂ। ਮੈਂ ਇਕ ਅਜਿਹਾ ਸ਼ਖ਼ਸ ਹਾਂ ਜੋ ਖੇਡ ਦੇ ਮੈਦਾਨ ਦੀ ਹਰ ਖ਼ਬਰ ਤੋਂ ਅਪਡੇਟ ਰਹਿਣਾ ਚਾਹੁੰਦਾ ਹਾਂ ਅਤੇ ਖਾਸਤੌਰ ‘ਤੇ ਕ੍ਰਿਕਟ ਦੀਆਂ ਖ਼ਬਰਾਂ ਤੋਂ। ਅੱਜਕੱਲ੍ਹ ਸੋਸ਼ਲ ਮੀਡੀਆ ਜਾਣਕਾਰੀ ਦਾ ਵੱਡਾ ਸਰੋਤ ਬਣਨ ਕਾਰਨ ਮੈਨੂੰ ਹੁਣ ਸ਼ੂਟਿੰਗ ਦੌਰਾਨ ਵੀ ਖੇਡਾਂ ਨਾਲ ਜੁੜੀ ਹਰ ਖ਼ਬਰ ਮਿਲਦੀ ਰਹਿੰਦੀ ਹੈ। ਮੈਨੂੰ ਜਦੋਂ ਵੀ ਸ਼ੂਟਿੰਗ ਵਿਚਕਾਰ ਬਰੇਕ ਮਿਲਦਾ ਹੈ, ਮੈਂ ਉਨ੍ਹਾਂ ਮੈਚਾਂ ਨੂੰ ਦੇਖਦਾ ਹਾਂ ਜੋ ਪਹਿਲਾਂ ਨਹੀਂ ਦੇਖ ਸਕਿਆ ਸੀ।”
ਪ੍ਰੇਰਨਾ ਬਣੀ ‘ਅਨੁਪਮਾ’
ਸਟਾਰ ਪਲੱਸ ਦੇ ਸ਼ੋਅ ‘ਅਨੁਪਮਾ’ ਦੇ ਹਾਲੀਆ ਐਪੀਸੋਡਜ਼ ਵਿਚ ਦਰਸ਼ਕਾਂ ਨੇ ਕਈ ਰੁਮਾਂਚਕ ਉਤਰਾਅ ਚੜ੍ਹਾਅ ਦੇਖੇ ਹਨ। ਇਸ ਸ਼ੋਅ ਦੀ ਪ੍ਰਮੁੱਖ ਕਿਰਦਾਰ ਅਨੁਪਮਾ ਦਰਸ਼ਕਾਂ ਦੇ ਅੱਗੇ ਭਾਰਤ ਦੀ ਅਸਲੀਅਤ ਨੂੰ ਦਰਸਾਉਂਦੀ ਹੈ ਜਿਸ ਨਾਲ ਉਹ ਦੇਸ਼ ਦੀਆਂ ਔਰਤਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹੈ।
ਅਨੁਪਮਾ (ਰੁਪਾਲੀ ਗਾਂਗੁਲੀ ਵੱਲੋਂ ਨਿਭਾਇਆ ਕਿਰਦਾਰ) ਬੇਸ਼ੱਕ ਹੁਣ ਸ਼ਾਹ ਪਰਿਵਾਰ ਦੀ ਕਾਨੂੰਨੀ ਤੌਰ ‘ਤੇ ਬਹੂ ਬਣ ਗਈ ਹੋਵੇ, ਪਰ ਬਾਬੂ ਜੀ (ਅਰਵਿੰਦ ਵੈਦ ਵੱਲੋਂ ਨਿਭਾਏ ਕਿਰਦਾਰ) ਲਈ ਉਹ ਹਮੇਸ਼ਾਂ ਉਨ੍ਹਾਂ ਦੀ ਬੇਟੀ ਰਹੇਗੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸ਼ਾਹ ਪਰਿਵਾਰ ਦੀ ਸੰਪਤੀ ਆਪਣੇ ਦੋ ਬੱਚਿਆਂ ਵਨਰਾਜ ਅਤੇ ਡੌਲੀ ਵਿਚਕਾਰ ਵੰਡਣ ਦੇ ਨਾਲ ਹੀ ਆਪਣੀ ਬੇਟੀ ਬਣੀ ਬਹੂ ਅਨੁਪਮਾ ਨੂੰ ਵੀ ਦੇਣ ਦਾ ਫੈਸਲਾ ਕੀਤਾ। ਇਨ੍ਹਾਂ ਸਾਲਾਂ ਵਿਚ ਸਟਾਰ ਪਲੱਸ ਲਗਾਤਾਰ ਵਿਕਸਤ ਹੋਇਆ ਹੈ ਅਤੇ ਟੀਵੀ ਸਕਰੀਨ ‘ਤੇ ਸ਼ਕਤੀਸ਼ਾਲੀ ਕਹਾਣੀਆਂ ਨੂੰ ਪੇਸ਼ ਕੀਤਾ ਹੈ ਜੋ ਸਮਾਜ ਨੂੰ ਬੰਧਨਾਂ ਤੋਂ ਮੁਕਤ ਕਰਨ ਲਈ ਪ੍ਰੇਰਿਤ ਕਰਦੀ ਹੈ। ਆਪਣੇ ਇਸ ਸ਼ੋਅ ਜ਼ਰੀਏ ਸਟਾਰ ਪਲੱਸ ਨੇ ਹਮੇਸ਼ਾਂ ਕਈ ਵਿਸ਼ਿਆਂ ਨੂੰ ਉਜਾਗਰ ਕੀਤਾ ਹੈ ਜਿਵੇਂ ਮਹਿਲਾ ਸਸ਼ਕਤੀਕਰਨ ਨੂੰ ਪ੍ਰੋਤਸਾਹਨ ਦੇਣਾ, ਮਹਿਲਾ ਸਿੱਖਿਆ ਅਤੇ ਹੁਣ ਭਾਰਤੀ ਬਹੂਆਂ ਦੀ ਸਥਿਤੀ ਨੂੰ ਸਮਾਜ ਦੇ ਅੱਗੇ ਪੇਸ਼ ਕਰਨਾ। ਅਜਿਹੇ ਵਿਚ ਇਹ ਚੈਨਲ ਹਮੇਸ਼ਾਂ ਔਰਤਾਂ ਨਾਲ ਖੜ੍ਹਾ ਰਿਹਾ ਹੈ।
ਇਕ ਪਾਸੇ ਇਹ ਸ਼ੋਅ ਜਿੱਥੇ ਦਰਸ਼ਕਾਂ ਦਾ ਦਿਲ ਜਿੱਤ ਰਿਹਾ ਹੈ, ਉੱਥੇ ਇਹ ਅਕਸਰ ਅਣਛੂਹੇ ਵਿਸ਼ਿਆਂ ਨੂੰ ਵੀ ਸਾਹਮਣੇ ਲਿਆ ਰਿਹਾ ਹੈ ਜੋ ਇਹ ਕਹਿੰਦਾ ਹੈ ਕਿ ਇਕ ਬਹੂ ਵੀ ਬੇਟੀ ਹੁੰਦੀ ਹੈ। ਦੇਸ਼ ਭਰ ਦੇ ਲੋਕ ਆਪਣੇ ਘਰਾਂ ਵਿਚ ਟੈਲੀਵਿਜ਼ਨ ਦੇਖਦੇ ਹਨ। ਅਜਿਹੇ ਵਿਚ ਇਸ ਤਰ੍ਹਾਂ ਦੇ ਸ਼ੋਅ ਦਰਸ਼ਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਮਹਿਸੂਸ ਕਰਾਉਂਦੇ ਹਨ ਕਿ ਔਰਤਾਂ ਵੀ ਪਿਆਰ ਅਤੇ ਸਨਮਾਨ ਨਾਲ ਵਿਵਹਾਰ ਕਰਨ ਦੀਆਂ ਪਾਤਰ ਹਨ, ਬੇਸ਼ੱਕ ਉਨ੍ਹਾਂ ਦੀ ਸਥਿਤੀ ਅਤੇ ਭੂਮਿਕਾ ਕੁਝ ਵੀ ਹੋਵੇ।