ਗੁਰਦੀਪ ਸਿੰਘ ਲਾਲੀ
ਸੰਗਰੂਰ, 18 ਜੂਨ
ਰੁਜ਼ਗਾਰ ਦੀ ਮੰਗ ਸਬੰਧੀ ਪਿਛਲੇ ਕਰੀਬ ਸਾਢੇ ਪੰਜ ਮਹੀਨਿਆਂ ਤੋਂ ਇਥੇ ਪੱਕੇ ਮੋਰਚੇ ’ਤੇ ਬੈਠੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਨੂੰ ਜਿਉਂ ਹੀ ਸਿੱਖਿਆ ਮੰਤਰੀ ਦੇ ਰੈੱਸਟ ਹਾਊਸ ਵਿਚ ਮੌਜੂਦ ਹੋਣ ਦੀ ਭਿਣਕ ਪਈ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ਰੈਸਟ ਹਾਊਸ ਦਾ ਘਿਰਾਓ ਕਰ ਲਿਆ।
ਕਰੀਬ ਦੋ-ਢਾਈ ਘੰਟਿਆਂ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਜਦੋਂ ਪਤਾ ਲੱਗਿਆ ਕਿ ਸਿੱਖਿਆ ਮੰਤਰੀ ਰੈਸਟ ਹਾਊਸ ਤੋਂ ਡੀਸੀ ਦਫ਼ਤਰ ਚਲੇ ਗਏ ਹਨ ਤਾਂ ਉਨ੍ਹਾਂ ਉੱਥੇ ਸਿੱਖਿਆ ਮੰਤਰੀ ਦੀ ਗੱਡੀ ਘੇਰ ਲਈ। ਇਸ ਮੌਕੇ ਮੌਜੂਦ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕਾਫ਼ੀ ਖਿੱਚ-ਧੂਹ ਹੋਈ ਅਤੇ ਸਿੱਖਿਆ ਮੰਤਰੀ ਦੀ ਗੱਡੀ ਨੂੰ ਸੁਰੱਖਿਅਤ ਕੱਢਣ ਲਈ ਪੁਲੀਸ ਨੂੰ ਕਾਫ਼ੀ ਜੱਦੋਜਹਿਦ ਕਰਨੀ ਪਈ। ਇਸ ਮਗਰੋਂ ਪੁਲੀਸ ਨੇ ਬੇਰੁਜ਼ਗਾਰ ਈਟੀਟੀ ਅਧਿਆਪਕ ਯੂਨੀਅਨ ਦੇ ਇੱਕ ਆਗੂ ਨਿਰਮਲ ਸਿੰਘ ਜ਼ੀਰਾ ਨੂੰ ਹਿਰਾਸਤ ਵਿਚ ਲੈ ਲਿਆ, ਜਿਸ ਤੋਂ ਭੜਕੇ ਬੇਰੁਜ਼ਗਾਰ ਅਧਿਆਪਕਾਂ ਨੇ ਡੀਸੀ ਕੰਪਲੈਕਸ, ਰੈਸਟ ਹਾਊਸ ਅਤੇ ਦੇਰ ਸ਼ਾਮ ਥਾਣਾ ਸਿਟੀ ਅੱਗੇ ਪ੍ਰਦਰਸ਼ਨ ਕੀਤਾ।
ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਡੀਸੀ ਦਫ਼ਤਰ ਨੇੜੇ ਸਿੱਖਿਆ ਮੰਤਰੀ ਦੀ ਗੱਡੀ ਦਾ ਘਿਰਾਓ ਕਰਨ ਵੇਲੇ ਪੁਲੀਸ ਨਾਲ ਹੋਈ ਖਿੱਚ-ਧੂਹ ਦੌਰਾਨ ਇੱਕ-ਦੋ ਮਹਿਲਾ ਅਧਿਆਪਕਾਂ ਦੇ ਸੱਟਾਂ ਵੀ ਲੱਗੀਆਂ ਹਨ। ਰਾਤ ਅੱਠ ਵਜੇ ਤੱਕ ਬੇਰੁਜ਼ਗਾਰਾਂ ਵੱਲੋਂ ਥਾਣਾ ਸਿਟੀ ਦਾ ਘਿਰਾਓ ਜਾਰੀ ਸੀ।
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਹੱਲ ਕਰਨ ਲਈ ਗੰਭੀਰ ਹੈ। ਭਰਤੀ ਦੀ ਉਮਰ ਵਿਚ 37 ਸਾਲ ਤੱਕ ਛੋਟ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਈਟੀਟੀ ਦੀਆਂ ਅਸਾਮੀਆਂ ’ਤੇ ਈਟੀਟੀ ਉਮੀਦਵਾਰਾਂ ਦੀ ਭਰਤੀ ਦੀ ਮੰਗ ਅੱਜ ਕੈਬਨਿਟ ਨੇ ਮਨਜ਼ੂਰ ਕਰ ਲਈ ਹੈ। ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਮੰਗ ਵੀ ਮੰਨ ਲਈ ਗਈ ਹੈ। ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੋਜ਼ ਰੌਲਾ ਪਾਉਣਾ ਠੀਕ ਨਹੀਂ।
ਸਾਂਝਾ ਅਧਿਆਪਕ ਮੋਰਚਾ ਨੇ ਸਿੱਖਿਆ ਸਕੱਤਰ ਦਾ ਦਫ਼ਤਰ ਘੇਰਿਆ
ਮੁਹਾਲੀ (ਪੱਤਰ ਪ੍ਰੇਰਕ): ਸਾਂਝਾ ਅਧਿਆਪਕ ਮੋਰਚਾ ਨੇ ਅਧਿਆਪਕਾਂ ਅਤੇ ਸਿੱਖਿਆ ਨਾਲ ਜੁੜੇ ਬੁਨਿਆਦੀ ਮਸਲਿਆਂ ਦਾ ਢੁੱਕਵਾਂ ਹੱਲ ਨਾ ਕਰਨ ਦੇ ਵਿਰੋਧ ਵਿੱਚ ਅੱਜ ਸਿੱਖਿਆ ਸਕੱਤਰ ਦੇ ਦਫ਼ਤਰ ਨੇੜੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ। ਪਹਿਲਾਂ ਸਵੇਰ ਤੋਂ ਸਕੂਲੀ ਅਧਿਆਪਕ ਪੁੱਡਾ ਗਰਾਊਂਡ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਪਰ ਬਾਅਦ ਦੁਪਹਿਰ ਉਨ੍ਹਾਂ ਨੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕੀਤਾ ਅਤੇ ਫਿਰ ਸੜਕ ’ਤੇ ਰੋਸ ਮਾਰਦੇ ਹੋਏ ਫੇਜ਼-7 ਲਾਲ ਬੱਤੀ ਪੁਆਇੰਟ ’ਤੇ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ। ਇਹ ਸਿਲਸਿਲਾ ਸ਼ਾਮ ਤੱਕ ਜਾਰੀ ਰਿਹਾ। ਐੱਸਡੀਐੱਮ ਜਗਦੀਪ ਸਹਿਗਲ ਨੇ ਮੌਕੇ ’ਤੇ ਬੜੀ ਮੁਸ਼ਕਲ ਨਾਲ ਅਧਿਆਪਕਾਂ ਨੂੰ ਸ਼ਾਂਤ ਕੀਤਾ। ਅਧਿਕਾਰੀ ਨੇ 22 ਜੂਨ ਨੂੰ ਸਵੇਰੇ 11 ਵਜੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਨਾਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਧਿਆਪਕਾਂ ਨੇ ਸੋਸ਼ਲ ਮੀਡੀਆ ਤੋਂ ਬਾਅਦ ਪੰਜਾਬ ਸਰਕਾਰ ਨੂੰ ‘ਹਕੀਕੀ ਡਿਸਲਾਈਕ’ ਰੂਪੀ ਸ਼ੀਸ਼ਾ ਦਿਖਾਇਆ, ਜਿਸ ਰਾਹੀਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਅਤੇ ਵਾਲੰਟੀਅਰ/ਪ੍ਰੋਵਾਈਡਰ ਤੇ ਐੱਨਐੱਸਕਿਊਐੱਫ਼ ਅਧਿਆਪਕਾਂ ਵੱਲੋਂ ਨੌਕਰੀਆਂ ਪੱਕੀਆਂ ਕਰਵਾਉਣ ਲਈ ਕੀਤੇ ਜਾ ਰਹੇ ਤਿੱਖੇ ਸੰਘਰਸ਼ਾਂ ਨਾਲ ਇਕਜੁੱਟਤਾ ਜ਼ਾਹਿਰ ਕੀਤੀ ਗਈ। ਅਧਿਆਪਕ ਮਸਲੇ ਹੱਲ ਨਾ ਹੋਣ ’ਤੇ 4 ਜੁਲਾਈ ਨੂੰ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਰੋਸ ਧਰਨੇ ਦੇਣ ਅਤੇ ਪਹਿਲੀ ਅਗਸਤ ਨੂੰ ਸੰਗਰੂਰ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਵਿਕਰਮਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ ਤੇ ਬਲਕਾਰ ਸਿੰਘ ਵਲਟੋਹਾ ਨੇ ਮੰਗਾਂ ਦੁਹਰਾਈਆਂ।