ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 18 ਜੂਨ
ਅੱਜ ਸੀਪੀਐੱਮ ਦੀ ਅਗਵਾਈ ’ਚ ‘ਸੀਟੂ’, ਮਗਨਰੇਗਾ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਜਿੱਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣੇ ਚਹੇਤਿਆਂ ਅਡਾਨੀਆਂ-ਅੰਬਾਨੀਆਂ ਨੂੰ ਫਾਇਦਾ ਦੇਣ ਲਈ ਕੀਤੀ ਜਾ ਰਹੀ ਅੰਨ੍ਹੇਵਾਹ ਮਹਿੰਗਾਈ ਖ਼ਿਲਾਫ਼ ਸ਼ਹਿਰ ਦੇ ਕੋਟਕਪੂਰਾ ਚੌਕ ’ਚ ਰੋਸ ਧਰਨਾ ਦਿੱਤਾ, ਉੱਥੇ ਹੀ ਪਿੰਡ ਧਿਗਾਣਾ, ਵੜਿੰਗ, ਰੁਪਾਣਾ,ਬਰਕੰਦੀ, ਬਾਜਾ ਮਰਾੜ, ਕੋਟਲੀ ਸੰਘਰ, ਫੱਤਣਵਾਲਾ ਅਤੇਸੀਰਵਾਲੀ ਵਿੱਚ ਮਗਨਰੇਗਾ ਮਜ਼ਦੂਰਾਂ ਨਾਲ ਕਰਮਚਾਰੀਆਂ ਅਤੇ ਪਿੰਡਾਂ ਦੇ ਸਰਪੰਚਾਂ ਵੱਲੋਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਏਡੀਸੀ ਵਿਕਾਸ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਮਜ਼ਦੂਰਾਂ ਦੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਸੀਪੀਐੱਮ ਆਗੂ ਕਾਮਰੇਡ ਤਰਸੇਮ ਲਾਲ, ਇੰਦਰਜੀਤ ਸਿੰਘ, ਮੇਜਰ ਸਿੰਘ ਸੀਟੂ ਆਗੂ ਨੇ ਕਿਹਾ ਕਿ ਕਰੋਨਾ ਕਾਰਨ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ, ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ ਤੇ ਅਜਿਹੇ ’ਚ ਲੋਕਾਂ ਨੂੰ ਰਾਹਤ ਦੇਣ ਦੀ ਥਾਂ ਮੋਦੀ ਸਰਕਾਰ ਨੇ ਡੀਜ਼ਲ, ਪੈਟਰੋਲ, ਰਸੋਈ ਗੈਸ, ਖਾਣ ਪੀਣ ਦੀਆਂ ਵਸਤੂਆਂ ਦੇ ਭਾਅ ਵਧਾ ਦਿੱਤੇ ਹਨ।
ਸੀਪੀਆਈ (ਐੱਮ) ਵੱਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ
ਮਾਨਸਾ (ਪੱਤਰ ਪ੍ਰੇਰਕ): ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ, ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਲਈ, ਪੈਟਰੋਲੀਅਮ ਪਦਾਰਥਾਂ ਦੇ ਵਾਧੇ ਨੂੰ ਵਾਪਸ ਕਰਵਾਉਣ ਲਈ ਸੀਪੀਆਈਐਮ ਵੱਲੋਂ ਪਿੰਡ ਦੂਲੋਵਾਲ ਵਿਖੇ ਕੇਦਰ ਦੀ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ। ਸੀਪੀਆਈਐੱਮ ਦੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਜੀਵਨ ਦੁੱਭਰ ਕਰ ਦਿੱਤਾ ਹੈ।