ਪੱਤਰ ਪ੍ਰੇਰਕ
ਡੱਬਵਾਲੀ, 18 ਜੂਨ
ਇੱਥੇ ਥੋਕ ਕੱਪੜਾ ਵਪਾਰੀ ਦੇ ਲੜਕੇ ’ਤੇ ਬੀਤੀ ਰਾਤ ਰਾਡ ਨਾਲ ਹਮਲਾ ਕਰਕੇ ਮੋਟਰਸਾਈਕਲ ਦੋ ਨਕਾਬਪੋਸ਼ ਲੁਟੇਰਿਆਂ ਨੇ 40 ਹਜ਼ਾਰ ਰੁਪਏ ਅਤੇ ਸੋਨੇ ਦੀ ਚੇਨ ਖੋਹ ਲਈ। ਘਟਨਾ ਸਮੇਂ ਕੱਪੜਾ ਵਪਾਰੀ ਦਾ ਲੜਕਾ ਮੁਨੀਸ਼ ਦੁਕਾਨ ਦੀ ਉਗਰਾਹੀ ਕਰਕੇ ਕੱਪੜਾ ਮਾਰਕੀਟ ਪਰਤ ਰਿਹਾ ਸੀ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਮਨੀਸ਼ ਕੁਮਾਰ ਨੇ ਦੱਸਿਆ ਕਿ ਉਹ ਬਾਜ਼ਾਰ ਕਾਰੋਬਾਰ ਦੀ ਉਗਰਾਹੀ ਇਕੱਠੀ ਕਰਕੇ ਸਕੂਟਰੀ ’ਤੇ ਵਾਪਸ ਆ ਰਿਹਾ ਸੀ। ਵਾਲਮੀਕ ਚੌਕ ਨੇੜੇ ਉਸ ਦੇ ਪਿੱਛਿਓਂ ਬਿਨਾਂ ਨੰਬਰ ਵਾਲੇ ਮੋਟਰਸਾਈਕਲ ’ਤੇ ਦੋ ਨੌਜਵਾਨ ਆਏ ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਉਨ੍ਹਾਂ ਮੋਟਰਸਾਈਕਲ ਉਸ ਦੇ ਮੂਹਰੇ ਲਗਾ ਕੇ ਰਾਡ ਨਾਲ ਮੁਨੀਸ਼ ’ਤੇ ਹਮਲਾ ਕਰ ਦਿੱਤਾ। ਦੋਵੇਂ ਲੁਟੇਰੇ ਨੌਜਵਾਨ ਉਸਦੇ ਉਗਰਾਹੀ ਵਾਲਾ ਬੈਗ ਅਤੇ ਸੋਨੇ ਦੀ ਚੇਨ ਖੋਹ ਕੇ ਲੈ ਗਏ। ਬੈਗ ਵਿੱਚ ਕਰੀਬ 40 ਹਜ਼ਾਰ ਰੁਪਏ ਸਨ। ਪੁਲੀਸ ਮੁਲਜ਼ਮਾਂ ਦਾ ਸੁਰਾਗ ਲਗਾਉਣ ਲਈ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਫਰੋਲ ਰਹੀ ਹੈ।