ਸੰਜੀਵ ਹਾਂਡਾ
ਫ਼ਿਰੋਜ਼ਪੁਰ, 19 ਜੂਨ
ਗੈਂਗਸਟਰ ਜੈਪਾਲ ਭੁੱਲਰ ਦੇ ਦੁਬਾਰਾ ਪੋਸਟਮਾਰਟਮ ਦਾ ਮਾਮਲਾ ਅੱਧ ਵਿਚਾਲੇ ਲਟਕ ਗਿਆ ਹੈ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਇਸ ਸਬੰਧੀ ਪਟੀਸ਼ਨ ’ਤੇ ਦੁਬਾਰਾ ਸੁਣਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਜੈਪਾਲ ਦੀ ਮ੍ਰਿਤਕ ਦੇਹ ਸੰਭਾਲਣ ਲਈ ਕਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਪਰਿਵਾਰ ਨੂੰ ਤਾਮੀਲ ਕਰਵਾਉਣ ਤੋਂ ਬਾਅਦ ਜੈਪਾਲ ਦੇ ਘਰ ਬਾਹਰ ਵੀ ਚਿਪਕਾ ਦਿੱਤੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜੈਪਾਲ ਦੇ ਪਿਤਾ ਨੂੰ ਜੈਪਾਲ ਦੀ ਦੇਹ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਉਣ ਲਈ ਕਿਹਾ ਪਰ ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਨੇ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਮੁਰਦਾਘਰ ਦੀ ਹਾਲਤ ਠੀਕ ਨਹੀਂ ਹੈ। ਹਾਈ ਕੋਰਟ ਦੀ ਦੁਬਾਰਾ ਸੁਣਵਾਈ ਹੋਣ ਤੋਂ ਬਾਅਦ ਹੀ ਉਹ ਜੈਪਾਲ ਦੇ ਸਸਕਾਰ ਬਾਰੇ ਅਗਲਾ ਫ਼ੈਸਲਾ ਕਰਨਗੇ। ਭੁਪਿੰਦਰ ਸਿੰਘ ਆਪਣੇ ਪੁੱਤਰ ਦੀ ਦੇਹ ਪੀਜੀਆਈ ਵਿਚ ਰਖਵਾਉਣਾ ਚਾਹੁੰਦੇ ਹਨ ਪਰ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ। ਅਧਿਕਾਰੀਆਂ ਨੇ ਹੁਣ ਭੁਪਿੰਦਰ ਸਿੰਘ ਦਾ ਬੇਨਤੀ ਪੱਤਰ ਚੀਫ਼ ਸੈਕਟਰੀ ਕੋਲ ਭੇਜਿਆ ਹੈ।