ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 20 ਜੂਨ
ਇੱਥੋਂ ਨੇੜਲੇ ਪਿੰਡ ਦੇਵੀਦਾਸਪੁਰਾ ਵਿਚ ਛੱਪੜ ਭਰ ਜਾਣ ਕਾਰਨ ਗੰਦਾ ਪਾਣੀ ਪਿੰਡ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਭਰਨ ਕਰਕੇ ਉਥੋਂ ਲੋਕਾਂ ਦਾ ਲੰਘਣਾ ਦੁਸ਼ਵਾਰ ਹੋ ਗਿਆ ਹੈ। ਪਿੰਡ ਵਿੱਚ ਸਫਾਈ ਵਿਵਸਥਾ ਦਾ ਬੁਰਾ ਹਾਲ ਹੈ ।ਇਸ ਸਬੰਧੀ ਪਿੰਡ ਵਾਸੀ ਬਲਵਿੰਦਰ ਸਿੰਘ, ਕੁਲਵੰਤ ਸਿੰਘ ਅਤੇ ਹੋਰ ਵਸਨੀਕਾਂ ਨੇ ਕਿਹਾ ਕਿ ਜਿੱਥੇ ਉਹ ਰਹਿ ਰਹੇ ਹਨ ਉਨ੍ਹਾਂ ਇਲਾਕਿਆ ਵਿਚ ਗਲੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਗੰਦਾ ਪਾਣੀ ਖੜ੍ਹਾ ਹੈ ਅਤੇ ਗੰਦੇ ਪਾਣੀ ਦੇ ਖੜੇ ਹੋਣ ਕਰਕੇ ਰਾਹਗੀਰਾਂ ਲਈ ਉਥੋਂ ਲੰਘਣਾ ਮੁਸ਼ਕਲ ਹੈ। ਪਿੰਡ ਵਾਸੀ ਇਸ ਸਬੰਧੀ ਸਰਪੰਚ ਨੂੰ ਵੀ ਜਾਣੂ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਸਲਾ ਹੱਲ ਨਾ ਹੋਣ ’ਤੇ ਕੋਈ ਬਿਮਾਰੀ ਫੈਲ ਸਕਦੀ ਹੈ। ਗੰਦੇ ਪਾਣੀ ਨਾਲ ਬਦਬੂ ਅਤੇ ਮੱਛਰ ਫੈਲ ਰਿਹਾ ਹੈ। ਪਿੰਡ ਦੇ ਸਰਪੰਚ ਮਨਪ੍ਰੀਤ ਸਿੰਘ ਨੇ ਕਿਹਾ ਪਿੰਡ ਦਾ ਛੱਪੜ ਗੰਦੇ ਪਾਣੀ ਨਾਲ ਭਰ ਜਾਣ ਕਾਰਨ ਪਾਣੀ ਛੱਪੜ ਵਿੱਚੋਂ ਬਾਹਰ ਗਲੀਆਂ ਵਿੱਚ ਆ ਰਿਹਾ ਹੈ ਅਤੇ ਇਸ ਪਾਣੀ ਨੂੰ ਕੰਟਰੋਲ ਕਰਨ ਲਈ ਜੋ ਪੰਪ ਹੈ ਉਹ ਖਰਾਬ ਪਿਆ ਹੈ। ਸਰਪੰਚ ਨੇ ਕਿਹਾ ਪੰਪ ਠੀਕ ਕਰਨ ਲਈ ਭੇਜਿਆ ਗਿਆ ਹੈ ਜੋ ਇੱਕ ਦੋ ਦਿਨ ਵਿਚ ਆ ਜਾਵੇਗਾ ਅਤੇ ਇਸ ਮੁਸ਼ਕਲ ਨੂੰ ਹੱਲ ਕਰ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀ ਸੰਤੋਖ ਸਿੰਘ, ਜਸਵੰਤ ਸਿੰਘ, ਚਰਨਜੀਤ ਸਿੰਘ, ਸਤਨਾਮ ਸਿੰਘ, ਸਵਿੰਦਰ ਸਿੰਘ, ਕਸ਼ਮੀਰ ਸਿੰਘ, ਹੀਰਾ ਸਿੰਘ, ਪਾਲਾ ਸਿੰਘ, ਕਾਲਾ ਸਿੰਘ, ਕਿੰਦਰ ਸਿੰਘ ਮੌਜੂਦ ਸਨ।
ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਦੀਆਂ ਸੜਕਾਂ ਦੀ ਹਾਲਤ ਖਸਤਾ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸਥਾਨਕ ਤਹਿਸੀਲ ਵਿੱਚ ਪੈਂਦੇ ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ ਮੋਰਾਂਵਾਲੀ ਦੀਆਂ ਸੜਕਾਂ ਦੀ ਹਾਲਤ ਬੜੀ ਤਰਸਯੋਗ ਹੈ। ਜ਼ਿਕਰਯੋਗ ਹੈ ਕਿ ਪਿੰਡ ਮੋਰਾਂਵਾਲੀ ਵਿੱਚ ਬਣੀ ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਦੇਖਣ ਲਈ ਵੀ ਦੂਰੋਂ ਦੁਰਾਡਿਉਂ ਅਕਸਰ ਲੋਕਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਪਿੰਡ ਦੇ ਸਰਪੰਚ ਮਨਜੀਤ ਸਿੰਘ ਅਤੇ ਮਾਤਾ ਵਿਦਿਆਵਤੀ ਟਰੱਸਟ ਮੋਰਾਂਵਾਲੀ ਦੇ ਪ੍ਰਧਾਨ ਸਰਵਣ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਈ ਵਾਰੀ ਸਬੰਧਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਪਰ ਪਰਨਾਲਾ ਉੱਥੇ ਹੀ ਹੈ। ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਦਾ ਕਹਿਣਾ ਹੈ ਕਿ ਸਰਕਾਰ ਜਲਦੀ ਸੜਕਾਂ ਬਣਾਏ ਨਹੀਂ ਤਾਂ ਲੋਕਾਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।