ਮਹਾਂਵੀਰ ਮਿੱਤਲ
ਜੀਂਦ, 20 ਜੂਨ
ਖੇਤੀ ਦੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਇੱਥੇ ਖਟਕੜ ਟੌਲ ਪਲਾਜ਼ਾ ਕੋਲ ਕਿਸਾਨਾਂ ਦਾ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸ ਧਰਨੇ ਉੱਤੇ ਸੂਬੇ ਵਿੱਚ ਹੋਣ ਵਾਲੇ ਪੰਚਾਇਤ, ਜ਼ਿਲ੍ਹਾ ਪਰਿਸ਼ਦ, ਨਗਰ ਕੌਂਸਲਾਂ ਅਤੇ ਨਗਰ ਪਰਿਸ਼ਦਾਂ ਦੀਆਂ ਚੋਣਾਂ ਨੂੰ ਲੈ ਕੇ ਕਿਸਾਨ ਮੋਰਚੇ ਨਾਲ ਜੁੜੇ ਲੋਕਾਂ ਨੇ ਰਣਨੀਤੀ ਬਣਾਈ। ਇਸ ਰਣਨੀਤੀ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਿ ਇਨ੍ਹਾਂ ਚੋਣਾਂ ਵਿੱਚ ਸਰਬਸੰਮਤੀ ਨਾਲ ਜਨ ਪ੍ਰਤੀਨਿਧੀ ਚੁਣੇ ਜਾਣਗੇ ਅਤੇ ਸਰਕਾਰ ਸਮਰਥਕ ਪ੍ਰਤੀਨਿਧੀਆਂ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨ ਆਗੂਆਂ ਵਜਿੰਦਰ ਸੰਧੂ, ਸਤਿਵੀਰ ਪਹਿਲਵਾਨ ਅਤੇ ਕੈਪਟਨ ਰਣਧੀਰ ਸਿੰਘ ਚਹਿਲ ਨੇ ਕਿਹਾ ਕਿ ਹਰ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਲਈ ਕਮੇਟੀਆਂ ਗਠਿਤ ਕੀਤੀਆਂ ਜਾ ਰਹੀਆਂ ਹਨ। ਇਹ ਕਮੇਟੀਆਂ ਸਰਪੰਚ ਨੂੰ ਲੈ ਕੇ ਪਿੰਡਾਂ ਵਿੱਚ ਸਰਬਸੰਮਤੀ ਬਣਾਉਣਗੀਆਂ। ਸਰਪੰਚ ਦੇ ਅਹੁਦੇ ਲਈ ਸਰਕਾਰ ਵੱਲੋਂ ਜੋ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਜਾਵੇਗਾ, ਉਸ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਜਾਵੇਗਾ। ਪਿੰਡਾਂ ਵਿੱਚ ਸਰਪੰਚ ਉਸੀ ਨੂੰ ਬਣਾਇਆ ਜਾਵੇਗਾ ਜੋ ਸਾਫ ਕਿਰਦਾਰ ਦਾ ਹੋਵੇਗਾ।