ਗੁਰਬਖਸ਼ਪੁਰੀ
ਤਰਨ ਤਰਨ, 20 ਜੂਨ
ਇੱਥੇ 13 ਮਈ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿਥੇ ਸਮੇਂ ਦੀ ਹੜਤਾਲ ’ਤੇ ਚਲ ਰਹੇ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਸਰਕਾਰ ਨਾਲ ਉਨ੍ਹਾਂ ਦੀ ਜਥੇਬੰਦੀ ਦੀ ਹੋਈ ਗੱਲਬਾਤ ਬੇਸਿੱਟਾ ਰਹਿਣ ’ਤੇ ਅੱਜ ਇਥੇ ਸਖਤ ਰੋਸ ਵਿਖਾਵਾ ਕੀਤਾ| ਰੋਸ ਜ਼ਾਹਰ ਕਰਦੇ ਮੁਲਾਜਮਾਂ ਨੇ ਮੰਗਾਂ ਦੀ ਪੂਰਤੀ ਤੱਕ ਆਪਣਾ ਅੰਦੋਲਨ ਜਾਰੀ ਰੱਖਣ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ| ਅੱਜ ਐਤਵਾਰ ਨੂੰ ਛੁੱਟੀ ਹੋਣ ’ਤੇ ਵੀ ਸਫਾਈ ਸੇਵਕਾਂ ਵਲੋਂ ਦਿਨ ਭਰ ਲਈ ਨਗਰ ਕੌਂਸਲ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ| ਜਥੇਬੰਦੀ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਸੂਬਾ ਸਰਕਾਰ ਉਨ੍ਹਾਂ ਦੀਆਂ ਮੁੱਖ ਮੰਗਾਂ ਮੰਨੇ ਜਾਣ ਤੋਂ ਇਨਕਾਰੀ ਹੈ ਜਿਸ ਕਰਕੇ ਉਨ੍ਹਾਂ ਨੂੰ ਭੁੱਖੇ ਪੇਟ ਆਪਣਾ ਅੰਦੋਲਨ ਜਾਰੀ ਰੱਖਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਜਥੇਬੰਦੀ ਸਫਾਈ ਸੇਵਕਾਂ, ਸੀਵਰਮੈਨ, ਦਰਜਾ ਚਾਰ ਆਦਿ ਸਾਰੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਬਰਾਬਰ ਕੰਮ ਲਈ ਬਰਾਬਰ ਤਨਖਾਹ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੇ ਜਾਣ ਆਦਿ ’ਤੇ ਜ਼ੋੋਰ ਦੇ ਰਹੀ ਹੈ| ਇਸ ਮੌਕੇ ਰਾਮ ਪ੍ਰਕਾਸ਼, ਰਜ ਕੁਮਾਰੀ, ਸੁਰਜੀਤ ਕੁਮਾਰ, ਗੁਰਦਿਆਲ ਸਿੰਘ, ਛਿੰਦੋ ਨੇ ਵੀ ਸੰਬੋਧਨ ਕੀਤਾ|