ਨਵੀਂ ਦਿੱਲੀ, 20 ਜੂਨ
ਅਯੁੱਧਿਆ ’ਚ ਜ਼ਮੀਨੀ ਸੌਦੇ ਦਾ ਇਕ ਹੋਰ ਮਾਮਲਾ ਸਾਹਮਣੇ ਆਉਣ ਮਗਰੋਂ ਕਾਂਗਰਸ ਨੇ ਸਰਕਾਰ ’ਤੇ ਹਮਲਾ ਕਰਦਿਆਂ ਇਸ ਨੂੰ ‘ਰਾਮਧ੍ਰੋਹ’ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀ ਲੁੱਟ ਅਤੇ ਮੁਨਾਫਾਖੋਰੀ ’ਚ ਸ਼ਮੂਲੀਅਤ ਵਾਲੇ ਵਿਅਕਤੀ ‘ਚੰਦਾਜੀਵੀ’ ਹਨ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਨੇ ਕਿਹਾ,‘‘ਇਹ ਜ਼ਿੰਮੇਵਾਰੀ ਸੁਪਰੀਮ ਕੋਰਟ ਅਤੇ ਪ੍ਰਧਾਨ ਮੰਤਰੀ ਦੀ ਬਣਦੀ ਹੈ ਕਿ ਉਹ ਜ਼ਮੀਨ ਦੀ ਵੇਚ-ਵੱਟ ਅਤੇ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਦਾਨ ਦੀ ਸਾਰੀ ਪ੍ਰਕਿਰਿਆ ਦਾ ਆਡਿਟ ਕਰਵਾ ਕੇ ਸੱਚ ਦਾ ਪਤਾ ਲਾਉਣ। ਸੁਪਰੀਮ ਕੋਰਟ ਦੇ ਹੁਕਮਾਂ ’ਤੇ ਟਰੱਸਟ ਬਣਾਇਆ ਗਿਆ ਸੀ।’’ ਕਾਂਗਰਸ ਨੇ ਦੋਸ਼ ਲਾਇਆ ਕਿ ਦੂਜਾ ਸੌਦਾ ਦੀਪ ਨਾਰਾਇਣ ਅਤੇ ਟਰੱਸਟ ਵਿਚਕਾਰ ਹੋਇਆ। ਦੀਪ ਨਾਰਾਇਣ ਭਾਜਪਾ ਦਾ ਸਾਬਕਾ ਮੈਂਬਰ ਹੈ ਅਤੇ ਉਹ ਅਯੁੱਧਿਆ ਦੇ ਮੇਅਰ ਰਿਸ਼ੀਕੇਸ਼ ਉਪਾਧਿਆਏ ਦਾ ਭਤੀਜਾ ਹੈ ਜਿਸ ਨੇ ਕੌਡੀਆਂ ਦੇ ਭਾਅ ਜ਼ਮੀਨ ਖ਼ਰੀਦਣ ਮਗਰੋਂ ਮੋਟੇ ਭਾਅ ’ਤੇ ਅੱਗੇ ਜ਼ਮੀਨ ਵੇਚੀ ਹੈ। ਕਾਂਗਰਸ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮੁੱਦੇ ’ਤੇ ਮਹੰਤ ਨ੍ਰਿਤਿਆ ਗੋਪਾਲ ਦਾਸ ਨਾਲ ਵੀ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ। ਕਾਂਗਰਸ ਆਗੂ ਨੇ ਕਿਹਾ ਕਿ ਰਾਮ ਮੰਦਰ ਦੀ ਉਸਾਰੀ ਦਾ ਕੰਮ ਨਹੀਂ ਰੁਕਣਾ ਚਾਹੀਦਾ ਹੈ ਪਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਰੋੜਾਂ ਰਾਮ ਭਗਤਾਂ ਦੀ ਆਸਥਾ ਦਾ ਸਵਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਨੇ ਫਰਵਰੀ ’ਚ ਅਯੁੱਧਿਆ ’ਚ 890 ਵਰਗ ਮੀਟਰ ਜ਼ਮੀਨ 20 ਲੱਖ ਰੁਪੲੇ ’ਚ ਖ਼ਰੀਦੀ ਸੀ ਜਿਸ ਨੂੰ ਮੰਦਰ ਟਰੱਸਟ ਨੂੰ ਢਾਈ ਕਰੋੜ ਰੁਪਏ ’ਚ ਅੱਗੇ ਵੇਚਿਆ ਗਿਆ। ਭਾਜਪਾ ਆਗੂ ਨੇ ਮਹਿਜ਼ 79 ਦਿਨਾਂ ’ਚ 1250 ਫ਼ੀਸਦ ਮੁਨਾਫ਼ਾ ਕਮਾਇਆ। ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ 2 ਕਰੋੜ ਰੁਪਏ ’ਚ ਖ਼ਰੀਦੀ ਗਈ ਜ਼ਮੀਨ ਕੁਝ ਮਿੰਟਾਂ ਦੇ ਅੰਦਰ ਹੀ ਟਰੱਸਟ ਨੂੰ ਸਾਢੇ 18 ਕਰੋੜ ਰੁਪਏ ’ਚ ਵੇਚੀ ਗਈ ਸੀ। ਉਨ੍ਹਾਂ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਇਸ ਕਥਿਤ ਘੁਟਾਲੇ ਦੀ ਜਾਂਚ ਕਰਾਉਣ ਦੀ ਮੰਗ ਕੀਤੀ ਹੈ। -ਆਈਏਐਨਐਸ