ਗਾਜ਼ੀਆਬਾਦ: ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੇ ਸੋਸ਼ਲ ਮੀਡੀਆ ਮੰਚ ’ਤੇ ਬਜ਼ੁਰਗ ਮੁਸਲਿਮ ਵਿਅਕਤੀ ਦੀ ਫਿਰਕੂ ਤੌਰ ’ਤੇ ਸੰਵੇਦਨਸ਼ੀਲ ਵੀਡੀਓ ਵਾਇਰਲ ਹੋਣ ਨਾਲ ਸਬੰਧਤ ਮਾਮਲੇ ’ਚ ਗਾਜ਼ੀਆਬਾਦ ਪੁਲੀਸ ਦੀ ਜਾਂਚ ’ਚ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਅਧਿਕਾਰੀਆਂ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰਨਾਟਕ ਦੇ ਬੰਗਲੂਰੂ ’ਚ ਰਹਿਣ ਵਾਲੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਮਨੀਸ਼ ਮਹੇਸ਼ਵਰੀ ਨੂੰ ਗਾਜ਼ੀਆਬਾਦ ਪੁਲੀਸ ਨੇ 17 ਮਈ ਨੂੰ ਨੋਟਿਸ ਜਾਰੀ ਕੀਤਾ ਸੀ ਅਤੇ ਉਨ੍ਹਾਂ ਨੂੰ ਮਾਮਲੇ ’ਚ ਸੱਤ ਦਿਨ ਅੰਦਰ ਲੋਨੀ ਬਾਰਡਰ ਥਾਣੇ ’ਚ ਬਿਆਨ ਦਰਜ ਕਰਵਾਉਣ ਲਈ ਕਿਹਾ ਗਿਆ ਸੀ। ਐੱਸਪੀ (ਗਾਜ਼ੀਆਬਾਦ ਦਿਹਾਤੀ) ਇਰਾਜ ਰਾਜਾ ਨੇ ਦੱਸਿਆ, ‘ਟਵਿੱਟਰ ਇੰਡੀਆ ਦੇ ਐੱਮਡੀ ਨੇ ਜਵਾਬ ਦਿੱਤਾ ਹੈ ਅਤੇ ਕੁਝ ਸਮੇਂ ਲਈ ਵੀਡੀਓ ਕਾਨਫਰੰਸ ਰਾਹੀਂ ਜਾਂਚ ’ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਪੁਲੀਸ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਟਵਿੱਟਰ ਇੰਡੀਆ ਦੇ ਅਧਿਕਾਰੀਆਂ ਨੇ ਮੁੱਦੇ ’ਤੇ ਕੁਝ ਸੂਚਨਾਵਾਂ ਤੇ ਸਪੱਸ਼ਟੀਕਰਨ ਦਿੱਤਾ ਹੈ। ਇਨ੍ਹਾਂ ਸੂਚਨਾਵਾਂ ਦੇ ਸੰਦਰਭ ’ਚ ਅਸੀਂ ਟਵਿੱਟਰ ਇੰਡੀਆ ਦੇ ਸਬੰਧਤ ਅਧਿਕਾਰੀਆਂ ਨੂੰ ਇੱਕ ਹੋਰ ਨੋਟਿਸ ਭੇਜਣ ਵਾਲੇ ਹਨ। ਅਧਿਕਾਰੀ ਨੇ ਕਿਹਾ ਕਿ ਗਾਜ਼ੀਆਬਾਦ ਪੁਲੀਸ ਨੇ ਵੀਡੀਓ ਕਾਨਫਰੰਸ ਰਾਹੀਂ ਜਾਂਚ ’ਚ ਸ਼ਾਮਲ ਹੋਣ ਸਬੰਧੀ ਮਹੇਸ਼ਵਰੀ ਦੇ ਜਵਾਬ ਦੇ ਸਬੰਧ ’ਚ ਕੋਈ ਫ਼ੈਸਲਾ ਨਹੀਂ ਲਿਆ ਹੈ। -ਪੀਟੀਆਈ