ਇਕਬਾਲ ਸਿੰਘ ਸ਼ਾਂਤ
ਲੰਬੀ, 21 ਜੂਨ
ਲੰਬੀ ਹਲਕੇ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੀ ਹਮਾਇਤ ਵਿੱਚ ‘ਮਿਸ਼ਨ 2022’ ਸਿਰਲੇਖ ਵਾਲੇ ਫਲੈਕਸ ਲੱਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਲਕੇ ਵਿੱਚ ਲੰਬੀ, ਪਿੰਡ ਬਾਦਲ, ਮੰਡੀ ਕਿੱਲਿਆਂਵਾਲੀ ਸਮੇਤ ਹੋਰਨਾਂ ਕਈ ਥਾਵਾਂ ’ਤੇ ਇਹ ਫਲੈਕਸ ਲਗਾਏ ਗਏ ਹਨ। ਕੈਪਟਨ ਅਮਰਿੰਦਰ ਸਿੰਘ ਦੀਆਂ ਕਾਰਗੁਜ਼ਾਰੀਆਂ ਤੋਂ ਔਖੇ ਕਾਂਗਰਸੀ ਕਾਡਰ ਲਈ ਅਜਿਹੇ ਫਲੈਕਸ ਨਵੀਂ ਰਾਹ ਦਾ ਸੂਚਕ ਮੰਨੇ ਜਾ ਰਹੇ ਹਨ। ਇਹ ਫਲੈਕਸ ਗੋਗਾ ਬਰਾੜ ਸਿੰਘੇਵਾਲਾ ਨਾਮਕ ਵਰਕਰ ਵੱਲੋਂ ਲਗਾਏ ਗਏ ਹਨ।
ਪਿਛਲੇ ਦਿਨੀਂ ਲੰਬੀ ਵਿੱਚ ਪ੍ਰਤਾਪ ਸਿੰਘ ਬਾਜਵਾ ਦਾ ਪ੍ਰਭਾਵ ਦਰਸਾਉਂਦਾ ਫਲੈਕਸ ਲਗਾਇਆ ਗਿਆ ਸੀ। ਪਹਿਲਾਂ ਵਾਂਗ ਫਲੈਕਸਾਂ ਤੋਂ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਸੂਬਾਈ ਜੋੜੀ ਗਾਇਬ ਹੈ। ਇਸ ਤਾਜ਼ਾ ਫਲੈਕਸ ’ਤੇ ਪ੍ਰਮੁੱਖਤਾ ਨਾਲ ‘ਹਰ ਪੰਜਾਬੀ ਦੀ ਆਵਾਜ਼ ਪ੍ਰਤਾਪ ਸਿੰਘ ਬਾਜਵਾ ਅਸੀਂ ਹਾਂ ਤੇਰੇ ਨਾਲ’ ਨਾਅਰਾ ਲਿਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਦੂਜੇ ਪਾਸੇ ਲੰਬੀ ਹਲਕੇ ਤੋਂ ਚੋਣ ਲੜ ਚੁੱਕੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਇੱਥੋਂ ਦੇ ਕਾਂਗਰਸੀ ਵਰਕਰ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲਗਾ ਰਹੇ ਹਨ। ਭਾਗੂ ਵਿੱਚ ਬੀਤੇ ਦਿਨ ਕੁਝ ਸਰਪੰਚਾਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਭੜਾਸ ਕੱਢੀ ਸੀ, ਜਿਸ ਦੀ ਅਗਵਾਈ ਕਾਂਗਰਸ ਨੂੰ ਅਲਵਿਦਾ ਆਖ ਕੇ ਕਿਸਾਨ ਸੰਘਰਸ਼ ਦਾ ਪੱਲਾ ਫੜਨ ਦਾ ਦਾਅਵਾ ਕਰਦੇ ਇੱਕ ਸਾਬਕਾ ਕਾਂਗਰਸੀ ਆਗੂ ਕਰ ਰਿਹਾ ਸੀ। ਇਸ ਤੋਂ ਪਹਿਲਾਂ ਵੀ ਹਲਕੇ ਦੇ ਅੱਠ ਸਰਪੰਚਾਂ ਨੇ ਕੈਪਟਨ ਖਿਲਾਫ਼ ਦਿੱਲੀ ਹਾਈਕਮਾਂਡ ਕੋਲ ਜਾਣ ਦੀ ਗੱਲ ਆਖੀ ਸੀ।