ਵਾਸ਼ਿੰਗਟਨ, 22 ਜੂਨ
ਬਾਇਡਨ ਪ੍ਰਸ਼ਾਸਨ ਨੇ ਜ਼ੋਰ ਦਿੱਤਾ ਹੈ ਕਿ ਕੱਟੜਪੰਥੀ ਇਬਰਾਹਿਮ ਰਾਇਸੀ ਦੇ ਇਰਾਨ ਦਾ ਰਾਸ਼ਟਰਪਤੀ ਬਣਨ ਨਾਲ ਅਮਰੀਕਾ ਦੇ ਤਹਿਰਾਨ ਨਾਲ 2015 ਦੇ ਪਰਮਾਣੂ ਸਮਝੌਤੇ ਨੂੰ ਮੁੜ ਲੀਹ ’ਤੇ ਲਿਆਉਣ ਦੇ ਮਕਸਦ ਉਤੇ ਅਸਰ ਨਹੀਂ ਪਵੇਗਾ। ਹਾਲਾਂਕਿ, ਰਾਸ਼ਟਰਪਤੀ ਬਣਨ ਮਗਰੋਂ ਸੋਮਵਾਰ ਨੂੰ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ ਰਾਇਸੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਪਰਮਾਣੂ ਸਮਝੌਤੇ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੌਰਾਨ ਰਾਇਸੀ ਨੇ ਕਿਹਾ ਸੀ ਕਿ ਇਰਾਨ ਖ਼ਿਲਾਫ਼ ਸਾਰੀਆਂ ਪਾਬੰਦੀਆਂ ਹਟਾਉਣ ਲਈ ਅਮਰੀਕਾ ਪਾਬੰਦ ਹੈ। ਇਰਾਨ ਮਾਮਲੇ ’ਤੇ ਅਮਰੀਕੀ ਪ੍ਰਸ਼ਾਸਨ ਨੂੰ ਕਈ ਵਾਰ ਸਲਾਹ ਦੇ ਚੁੱਕੇ ਅਤੇ ਕੌਮਾਂਤਰੀ ਸ਼ਾਂਤੀ ਬਾਰੇ ਸੰਸਥਾ ਦੇ ਸੀਨੀਅਰ ਅਧਿਕਾਰੀ ਕਰੀਮ ਸਦਜਾਪੌਰ ਨੇ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਰਾਇਸੀ ਦੇ ਰਾਸ਼ਟਰਪਤੀ ਬਣਨ ਮਗਰੋਂ ਪਰਮਾਣੂ ਸਮਝੌਤੇ ’ਤੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧੀਆਂ ਹਨ।’’ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਮੁੱਖ ਵਿਦੇਸ਼ੀ ਨੀਤੀ ਪਹਿਲਾਂ ਵਿੱਚ ਪਰਮਾਣੂ ਸਮਝੌਤਾ ਵੀ ਸ਼ਾਮਲ ਹੈ। -ਏਪੀ