ਨਵੀਂ ਦਿੱਲੀ, 23 ਜੂਨ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਉੱਤਰ ਪ੍ਰਦੇਸ਼ ਵਿੱਚ ਔਰਤਾਂ ਖ਼ਿਲਾਫ਼ ਵਧ ਰਹੇ ਅਪਰਾਧ ਦੇ ਮੁੱਦੇ ’ਤੇ ਅੱਜ ਸੂਬੇ ਦੀ ਭਾਜਪਾ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ, ‘‘ਯੂਪੀ ਵਿੱਚ ਜੰਗਲ ਰਾਜ, ਔਰਤਾਂ ਦਾ ਰੱਬ ਹੀ ਰਾਖਾ।’’ ਮਥੁਰਾ ਵਿੱਚ ਮੰਗਲਵਾਰ ਨੂੰ ਗੁੰਡਿਆਂ ਨੇ 17 ਸਾਲਾ ਲੜਕੀ ਨੂੰ ਉਸ ਦੇ ਘਰ ਦੀ ਛੱਤ ਤੋਂ ਸੁੱਟ ਦਿੱਤਾ, ਜੋ ਇਸ ਸਮੇਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਕਾਂਗਰਸ ਜਨਰਲ ਸਕੱਤਰ ਨੇ ਦੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਵਿੱਚ ਔਰਤਾਂ ਖ਼ਿਲਾਫ਼ ਹਰੇਕ ਦੀ ਰੂਹ ਨੂੰ ਝੰਜੋੜਨ ਵਾਲੇ ਅਪਰਾਧ ਹੋ ਰਹੇ ਹਨ, ਪਰ ਸਰਕਾਰ ਸੁੱਤੀ ਪਈ ਹੈ। ਉਨ੍ਹਾਂ ਟਵੀਟ ਕੀਤਾ, ‘‘ਮਥੁਰਾ ਵਿੱਚ ਲੜਕੀ ਨੂੰ ਇੱਕ ਸਾਲ ਤੋਂ ਤੰਗ-ਪ੍ਰੇਸ਼ਾਨ ਕਰ ਰਹੇ ਗੁੰਡੇ ਉਸ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਸ ਨੂੰ ਛੱਤ ਤੋਂ ਸੁੱਟ ਦਿੱਤਾ। ਹਮੀਰਪੁਰ ਵਿੱਚ ਛੇੜ-ਛਾੜ ਤੋਂ ਪ੍ਰੇਸ਼ਾਨ ਇੱਕ ਲੜਕੀ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।’’ ਪ੍ਰਿਯੰਕਾ ਗਾਂਧੀ ਨੇ ਅੱਗੇ ਲਿਖਿਆ, ‘‘ਜੰਗਲ ਰਾਜ ਵਿੱਚ ਔਰਤਾਂ ਦਾ ਰੱਬ ਹੀ ਰਾਖਾ।’’ ਮਥੁਰਾ ਘਟਨਾ ਸਬੰਧੀ ਜ਼ਿਲ੍ਹਾ ਪੁਲੀਸ ਨੇ ਕੇਸ ਦਰਜ ਕਰ ਕੇ ਤਿੰਨ ਵਿੱਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ