ਪਰਸ਼ੋਤਮ ਬੱਲੀ
ਬਰਨਾਲਾ, 23 ਜੂਨ
ਤੀਹ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 266ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ ਤੇ ਹਰਚਰਨ ਸਿੰਘ ਚੰਨਾ ਸਣੇ ਹੋਰਾਂ ਨੇ ਸੰਬੋਧਨ ਕੀਤਾ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ ਦੇ ਧਰਨਾਕਾਰੀ ਸਫਾਈ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਾਮਲ ਹੋ ਕੇ ਉਨ੍ਹਾਂ ਦੇ ਸੰਘਰਸ਼ ਨਾਲ ਇੱਕਜੁੱਟਤਾ ਪ੍ਰਗਟ ਕਰਨਗੇ। ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ।
ਧਨੌਲਾ (ਪੁਨੀਤ ਮੈਨਨ): ਧਨੌਲਾ ਨਜ਼ਦੀਕ ਸਥਿਤ ਬਡਬਰ ਟੌਲ ਪਲਾਜ਼ਾ ਅਤੇ ਰਿਲਾਇੰਸ ਪੰਪ ‘ਤੇ ਕਿਸਾਨ ਜਥੇਬੰਦੀਆਂ ਵੱਲੋਂ ਧਰਨਾ ਜਾਰੀ ਹੈ। ਅੱਜ ਕਿਸਾਨਾਂ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਖਿਲਾਫ ਨਾਅਰੇਬਾਜ਼ੀ ਕੀਤੀ। ਮੇਘਰਾਜ ਹਰੀਗੜ੍ਹ ਨੇ ਕਿਹਾ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਫਸਲਾਂ ਵਿੱਚੋ ਕੁਝ ਨਹੀਂ ਬਚ ਰਿਹਾ ਅਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ ਹਰਜਾਨਾ ਵੀ ਕਿਸਾਨ ਨੂੰ ਭਗਤਣਾ ਪੈ ਰਿਹਾ ਹੈੇ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਇਥੇ ਇਕ ਨਿੱਜੀ ਪੈਟਰੋਲ ਪੰਪ ਅਤੇ ਰੇਲਵੇ ਦੀ ਪਾਰਕਿੰਗ ਵਿੱਚ ਲੱਗੇ ਕਿਸਾਨੀ ਧਰਨਿਆਂ ਨੂੰ ਅੱਜ ਸੁਖਪਾਲ, ਗੋਰਖਨਾਥ, ਜਸਵਿੰਦਰ ਕੌਰ , ਸੁਖਜੀਤ ਕੌਰ ਬਹਾਦਰਪੁਰ ਤੇ ਸੁਖਪਾਲ ਕੌਰ ਸਣੇ ਹੋਰਨਾਂ ਨੇ ਸੰਬੋਧਨ ਕੀਤਾ।
ਭੁੱਚੋ ਮੰਡੀ (ਪਵਨ ਗੋਇਲ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਬੈਸਟ ਪ੍ਰਾਈਜ਼ ਭੁੱਚੋ ਖੁਰਦ ਅੱਗੇ 266 ਦਿਨਾਂ ਤੋਂ ਚੱਲ ਰਿਹਾ ਮੋਰਚਾ ਅੱਜ ਵੀ ਜਾਰੀ ਰਿਹਾ। ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਗੁਰਮੇਲ ਸਿੰਘ ਨਥਾਣਾ, ਬਿੱਕਰ ਸਿੰਘ ਪੂਹਲਾ ਅਤੇ ਸੁਖਜੀਤ ਕੌਰ ਚੱਕ ਫ਼ਤਿਹ ਸਿੰਘ ਵਾਲਾ ਨੇ ਕਿਹਾ ਕਿ ਕਿਸਾਨ ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹਨ।