ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 23 ਜੂਨ
ਇੱਥੇ ਬਾਬਾ ਸ਼ੇਖ ਫ਼ਰੀਦ ਕੁਸ਼ਤੀ ਅਖਾੜਾ ਧੂੜਕੋਟ ਰਣਸੀਂਹ ਦੀ ਕੌਮੀ ਪਹਿਲਵਾਨ ਅਰਸ਼ਦੀਪ ਕੌਰ ਆਪਣੇ ਮਜ਼ਦੂਰ ਮਾਪਿਆਂ ਨਾਲ ਝੋਨਾ ਲਾਉਣ ਲਈ ਮਜਬੂਰ ਹੈ। ਸੋਨੇ ਤੇ ਚਾਂਦੀ ਦੇ ਅਨੇਕਾਂ ਤਗ਼ਮੇ ਵੀ ਉਸ ਦੇ ਸਿਰ ਤੋਂ ਗ਼ਰੀਬੀ ਦਾ ਬੋਝ ਨਹੀਂ ਲਾਹ ਸਕੇ। ਬਚਪਨ ਤੋਂ ਕੁਸ਼ਤੀ ਲੜ ਰਹੀ ਅਰਸ਼ਦੀਪ ਖੇਲੋ ਇੰਡੀਆ, ਪੰਜਾਬ ਅਤੇ ਭਾਰਤ ਪੱਧਰ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਕਈ ਵਾਰ ਸੋਨੇ ਤੇ ਚਾਂਦੀ ਦੇ ਤਗ਼ਮੇ ਜਿੱਤ ਚੁੱਕੀ ਹੈ। ਉਸ ਦੇ ਕੁਸ਼ਤੀ ਕੋਚ ਹਰਭਜਨ ਸਿੰਘ ਭਜੀ ਨੰਗਲ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਅਤੇ 72 ਕਿੱਲੋ ਭਾਰ ਵਰਗ ਵਿੱਚ ਕੁਸ਼ਤੀ ਲੜਨ ਵਾਲੀ ਅਰਸ਼ਦੀਪ ਤੋਂ ਕੌਮਾਂਤਰੀ ਖੇਡਾਂ ਵਿੱਚ ਬਹੁਤ ਸੰਭਾਵਨਾਵਾਂ ਹਨ। ਅਖਾੜੇ ਨਾਲ ਜੁੜੇ ਸਮਾਜ ਸੇਵੀ ਡਾ. ਹਰਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਖੇਡ ਮੰਤਰੀ ਅਰਸ਼ਦੀਪ ਦੀ ਸਾਰ ਲੈਣ ਤਾਂ ਉਸ ਦੇ ਗੁਰਬਤ ਮਾਰੇ ਮਾਪੇ ਅਰਸ਼ ਨੂੰ ਅੱਗੇ ਪੜ੍ਹਾ ਤੇ ਖਿਡਾ ਸਕਣ।