ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਜੂਨ
ਪੰਜਾਬ ਸਰਕਾਰ ਵੱਲੋਂ ਤਗਮੇ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਗਿਆ ਵਾਅਦਾ ਵਫਾ ਨਾ ਹੋਣ ਦੇ ਰੋਸ ਵਜੋਂ ਪੈਰਾ-ਅਥਲੀਟਾਂ ਅਤੇ ਖਿਡਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪੁਰਸਕਾਰ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਖਿਡਾਰੀ 24 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਆਪਣੇ ਪੁਰਸਕਾਰ ਵਾਪਸ ਕਰਨਗੇ। ਪੈਰਾ ਅਥਲੀਟ ਵੀਨਾ ਅਰੋੜਾ ਨੇ ਦੱਸਿਆ ਕਿ ਇਹ ਧਰਨਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਦਿੱਤਾ ਜਾਵੇਗਾ। ਧਰਨੇ ਵਿੱਚ ਸਟੇਟ ਐਵਾਰਡੀ ਕੁਲਦੀਪ, ਗੁਰਦੀਪ, ਰਾਜੇਸ਼ਵਰ, ਵਰਿੰਦਰ ਖੰਨਾ, ਗੁਰਸੇਵਕ ਅਤੇ ਜਤਿੰਦਰ ਸ਼ਾਮਲ ਹੋਣਗੇ। ਵੀਨਾ ਅਰੋੜਾ ਆਪ ਵੀ ਤਾਇਕਵਾਂਡੋ ਅਤੇ ਡਿਸਕਸ ਥ੍ਰੋਅ ਵਿਚ ਪੁਰਸਕਾਰ ਜੇਤੂ ਹੈ। ਦੋ ਦਹਾਕੇ ਪਹਿਲਾਂ ਉਸ ਦਾ ਇਕ ਹੱਥ ਨੁਕਸਾਨਿਆ ਗਿਆ ਸੀ ਪਰ ਇਸ ਦੇ ਬਾਵਜੂਦ ਉਸ ਨੇ 2016 ਤੇ 2019 ਦੀ ਏਸ਼ਿਆਈ ਚੈਂਪੀਅਨਸ਼ਿਪ ਵਿਚ ਕਾਂਸੀ ਦੇ ਤਗਮੇ ਅਤੇ ਇਰਾਨ ’ਚ ਪ੍ਰੈਜ਼ੀਡੈਂਟ ਏਸ਼ੀਆ ਕੱਪ ’ਚ ਸੋਨ ਤਗਮਾ ਜਿੱਤਿਆ ਸੀ। ਉਸ ਨੂੰ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਵੀ ਮਿਲਿਆ ਹੋਇਆ ਹੈ। ਉਸ ਨੇ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਸੂਬੇ ਦਾ ਨਾਂ ਉੱਚਾ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਨਹੀਂ ਦੇ ਸਕੀ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਆਪਣੀ ਖੇਡ ਨੀਤੀ ਵਿਚ ਬਦਲਾਅ ਕਰਦਿਆਂ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਹਰ ਖਿਡਾਰੀ ਨੂੰ ਬਰਾਬਰ ਸਨਮਾਨ ਦੇਵੇ।