ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਜੂਨ
ਇਥੇ ਮੋਗਾ-ਫ਼ਿਰੋਜ਼ਪੁਰ ਕੌਮੀ ਸਾਹ ਮਾਰਗ ’ਤੇ ਪਿੰਡ ਡਗਰੂ ਬਿਜਲੀ ਗਰਿੱਡ ਅੱਗੇ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਕਿਸਾਨਾਂ ਨੇ ਚੱਕਾ ਜਾਮ ਕਰਕੇ ਪਾਵਰਕੌਮ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਾਵਰਕੌਮ ਅਧਿਕਾਰੀ ਮੁੱਖ ਦਫ਼ਤਰ ਦੀਆਂ ਹਦਾਇਤਾਂ ਮੁਤਾਬਕ ਪਾਵਰਕੱਟ ਲੱਗਣ ਦੀ ਗੱਲ ਆਖ ਰਹੇ ਹਨ। ਇਸ ਮੌਕੇ ਕਿਸਾਨਾ ਨੇ ਆਖਿਆ ਕਿ ਸਰਕਾਰ ਵਲੋਂ ਖੇਤੀ ਸੈਕਟਰ ਲਈ ਦਿੱਤੀ ਜਾਣ ਵਾਲੀ 8 ਘੰਟੇ ਬਿਜਲੀ ਨਿਰਵਿਘਨ ਨਹੀਂ ਮਿਲ ਰਹੀ। ਦੋ ਦਿਨ ਵਿੱਚ ਉਨ੍ਹਾਂ ਕਰੀਬ 3 ਘੰਟੇ ਬਿਜਲੀ ਸਪਲਾਈ ਮਿਲੀ ਹੈ, ਜਦੋਂ ਕਿ ਝੋਨੇ ਦੀ ਫਸਲ ਲਵਾਈ ਦਾ ਕੰਮ ਜ਼ੋਰਾਂ ’ਤੇ ਹੈ। ਝੋਨੇ ਦੀ ਫ਼ਸਲ ਲਈ ਪੰਜਾਬ ਸਰਕਾਰ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਵਾਅਦਾ ਕੀਤਾ ਗਿਆ ਸੀ ਪਰ ਸਹੀ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ’ਚ ਕਿਸਾਨ ਪ੍ਰੇਸ਼ਾਨ ਹਨ।
ਇਸੇ ਦੌਰਾਨ ਇਥੇ ਮੋਗਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਪਿੰਡ ਜਨੇਰੂ ਬਿਜਲੀ ਗਰੱਡ ਅੱਗੇ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਕਿਸਾਨਾਂ ਨੇ ਚੱਕਾ ਜਾਮ ਕਰਕੇ ਪਾਵਰਕੌਮ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀਐੱਸਪੀ ਧਰਮਕੋਅ ਸੁਬੇਗ ਸਿੰਘ ਦੀ ਅਗਵਾਈ ਹੇਠ ਪੁਲੀਸ ਅਧਿਕਾਰੀ ਮੌਕੇ ਉੱਤੇ ਪੁੱਜੇ ਤੇ ਉਨ੍ਹਾਂ ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।