ਨਿੱਜੀ ਪੱਤਰ ਪ੍ਰੇਰਕ
ਜਲੰਧਰ, 23 ਜੂਨ
ਸੁਰਜੀਤ ਹਾਕੀ ਅਕੈਡਮੀ ਵੱਲੋਂ ਕੌਮਾਂਤਰੀ ਓਲੰਪਿਕ ਦਿਵਸ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਬਲਟਰਨ ਪਾਰਕ ਵਿੱਚ ਮਨਾਇਆ ਗਿਆ। ਇਸ ਦੌਰਾਨ ਅਕੈਡਮੀ ਦੇ ਅੱਜ ਸਮੂਹ ਖਿਡਾਰੀਆਂ ਅਤੇ ਅਹੁਦੇਦਾਰਾਂ ਨੇ ਕੇਕ ਕੱਟਿਆ। ਚੀਫ਼ ਹਾਕੀ ਕੋਚ ਓਲੰਪੀਅਨ ਤੇ ਦਰੋਣਾਚਾਰੀਆ ਐਵਾਰਡੀ ਰਾਜਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ, ਜਿਨ੍ਹਾਂ ਨੇ ਸੰਬੋਧਨ ਕਰਦਿਆਂ ਸਮੂਹ ਖਿਡਾਰੀਆਂ ਨੂੰ ਕੌਮੀ ਓਲੰਪਿਕ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਪੰਜਾਬ ਅੰਦਰ ਮਹਿਲਾ ਹਾਕੀ ਦੇ ਪੱਧਰ ਵਿਚ ਆਈ ਗਿਰਾਵਟ ਉਪਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਹਾਕੀ ਦੀ ਖੇਡ ਨੂੰ ਹੁਲਾਰਾ ਦੇਣ ਖਿਡਾਰੀਆਂ ਦੀ ਹੇਠਲੇ ਪੱਧਰ ਉਪਰ ਟਰੇਨਿੰਗ ਸ਼ੁਰੂ ਕੀਤੀ ਜਾਵੇਗੀ। ਸੁਰਜੀਤ ਹਾਕੀ ਅਕੈਡਮੀ ਦੀ ਖਿਡਾਰਨ ਹਰਜੋਤ ਕੌਰ ਨੇ ਇਸ ਮੌਕੇ ਉਪਰ ਅੰਤਰਰਾਸ਼ਟਰੀ ਓਲੰਪਿਕ ਦਿਵਸ ਉਪਰ ਪੇਪਰ ਵੀ ਪੜ੍ਹਿਆ । ਇਸ ਤੋਂ ਪਹਿਲਾਂ ਖਿਡਾਰੀਆਂ ਵੱਲੋਂ ਮਿਲਖਾ ਸਿੰਘ ਤੇ ਉਨ੍ਹਾਂ ਪਤਨੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ ਮਹਿਲਾ ਹਾਕੀ ਟੀਮ ਵਿਚ ਪੰਜਾਬ ਦੀ ਕੇਵਲ ਇੱਕ ਖਿਡਾਰੀ ਦੀ ਚੋਣ ਹੋਣੀ, ਪੰਜਾਬ ਅੰਦਰ ਮਹਿਲਾ ਹਾਕੀ ਦੇ ਪੱਧਰ ਵਿੱਚ ਆਈ ਭਾਰੀ ਗਿਰਾਵਟ ਦਾ ਸਬੂਤ ਹੈ ।