ਖੇਤਰੀ ਪ੍ਰਤੀਨਿਧ
ਬਰਨਾਲਾ, 24 ਜੂਨ
ਜ਼ਿਲ੍ਹਾ ਬਰਨਾਲਾ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਜਾਗਰੂਕਤਾ ਗਤੀਵਿਧੀਆਂ ਅਤੇ ਧੀਆਂ ਨੂੰ ਬਚਾਉਣ ਤੇ ਪੜ੍ਹਾਉਣ ਦਾ ਸੱਦਾ ਦੇਣ ਸਦਕਾ ਲੜਕੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ। ਇਸ ਸ਼ੁੱਭ ਸੰਕੇਤ ਨੂੰ ਸਦੀਵੀਂ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੈਫਿਟੀ ਕਲਾ ਰਾਹੀਂ ਬਰਨਾਲਾ ਸ਼ਹਿਰ ਦੀਆਂ ਕੰਧਾਂ ਨੂੰ ਸ਼ਿੰਗਾਰਿਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਨੂੰ ਲਗਾਤਾਰ ਬੂਰ ਪੈ ਰਿਹਾ ਹੈ। ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐਚਐਮਆਈਐਸ) ਪੋਰਟਲ ਦੇ ਅੰਕੜਿਆਂ ਅਨੁਸਾਰ ਸਾਲ 2019-20 ਵਿੱਚ ਜ਼ਿਲ੍ਹਾ ਬਰਨਾਲਾ ਵਿੱਚ ਲਿੰਗ ਅਨੁਪਾਤ 895 ਸੀ, ਜਦੋਂਕਿ 2020-21 ਵਿੱਚ ਵਧ ਕੇ 964 ਹੋ ਗਿਆ। ਜ਼ਿਲ੍ਹਾ ਪ੍ਰੋਗਰਾਮ ਅਫਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਕਾਲਾ ਮਹਿਰ ਸਪੋਰਟਸ ਸਟੇਡੀਅਮ ਵਿੱਚ ਖੇਡਾਂ ਵਿੱਚ ਕੌਮੀ ਪੱਧਰ ’ਤੇ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦੀਆਂ ਗਰਾਫਿਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਵਿੱਚ ਮਨਜੀਤ ਕੌਰ (ਵੇਟ ਲਿਫਟਿੰਗ), ਸੁਖਜੀਤ ਕੌਰ ਦੀਵਾਨਾ (ਅਥਲੈਟਿਕਸ), ਹਰਮਨਦੀਪ ਕੌਰ (ਡਿਸਕਸ ਥਰੋਅ) ਤੇ ਪ੍ਰਭਲੀਨ ਕੌਰ (ਟੇਬਲ ਟੈਨਿਸ) ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਨੈਸ਼ਨਲ ਵਿੱਚ ਪੰਜਾਬ ਸੂਬੇ ਅਤੇ ਜ਼ਿਲ੍ਹਾ ਬਰਨਾਲਾ ਦਾ ਮਾਣ ਵਧਾਇਆ।