ਸਤਪਾਲ ਰਾਮਗੜ੍ਹੀਆ
ਪਿਹੋਵਾ, 24 ਜੂਨ
ਅੰਬਾਲਾ ਰੋਡ ’ਤੇ ਅਰੁਨਾਏ ਮੋੜ ਵਿੱਚ ਇਕ ਟਰੱਕ ਦੀ ਲਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਪਿਓ-ਪੁੱਤ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਐੱਲਐੱਨਜੇਪੀ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਹੀਰਾ ਲਾਲ, ਉਸ ਦੇ ਪੁੱਤਰ ਸੰਜੂ ਤੇ ਰਿਸ਼ਤੇਦਾਰ ਸ਼ਿਆਮਲਾਲ ਵਜੋਂ ਹੋਈ ਹੈ। ਮ੍ਰਿਤਕ ਹੀਰਾ ਲਾਲ ਦੇ ਦੂਜੇ ਪੁੱਤ ਪ੍ਰੇਮ ਵਾਸੀ ਕੈਥਲ ਨੇ ਦੱਸਿਆ ਕਿ ਉਸ ਦਾ ਪਿਤਾ ਅਤੇ ਭਰਾ ਕਬਾੜੀ ਦੀ ਫੇਰੀ ਲਗਾਉਂਦੇ ਸਨ। ਬੀਤੇ ਕੱਲ੍ਹ ਉਸ ਦਾ ਪਿਤਾ, ਭਰਾ ਅਤੇ ਮਾਮਾ ਮੋਟਰਸਾਈਕਲ ਰੇਹੜੀ ’ਤੇ ਇਸਮਾਈਲਬਾਦ, ਠੋਲ ਆਏ ਸਨ। ਉਹ ਖ਼ੁਦ ਤੇ ਉਸ ਦੇ ਚਾਚੇ ਦਾ ਲੜਕਾ ਬਲਜੀਤ ਵੀ ਮੋਟਰਸਾਈਕਲ ’ਤੇ ਪਿੱਛੇ ਜਾ ਰਹੇ ਸਨ। ਜਦੋਂ ਉਹ ਅਰੁਨਾਏ ਮੋੜ ਨੇੜੇ ਪਹੁੰਚੇ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਟਰੱਕ ਡਰਾਈਵਰ ਨੇ ਉਸ ਦੇ ਭਰਾ ਸੰਜੂ ਦੀ ਮੋਟਰਸਾਈਕਲ ਰੇਹੜੀ ਵਿਚ ਟੱਕਰ ਮਾਰ ਦਿੱਤੀ। ਟੱਕਰ ਕਾਰਨ ਤਿੰਨੇ ਸੜਕ ’ਤੇ ਡਿੱਗ ਪਏ। ਉਸ ਨੇ ਜ਼ਖ਼ਮੀਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਪਿਤਾ ਅਤੇ ਮਾਮੇ ਦੀ ਜ਼ਿਆਦਾ ਸੱਟਾਂ ਲੱਗਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਸੀ। ਜ਼ਖ਼ਮੀ ਸੰਜੂ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਘਟਨਾ ਮਗਰੋਂ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ। ਜਿਸ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।