ਸਤਵਿੰਦਰ ਬਸਰਾ
ਲੁਧਿਆਣਾ, 24 ਜੂਨ
ਇਸ ਵਾਰ ਪੰਜਾਬ ਵਿੱਚ ਪ੍ਰੀ-ਮੌਨਸੂਨ ਜਲਦੀ ਆਉਣ ਕਾਰਨ ਸੂਬੇ ਵਿੱਚ ਜੂਨ ਦੇ ਅਖੀਰ ਅਤੇ ਜੁਲਾਈ ਦੇ ਆਰੰਭ ਵਿੱਚ ਆਉਣ ਵਾਲੀ ਮੌਨਸੂਨ ਹੁਣ ਕਮਜ਼ੋਰ ਹੋਣ ਕਰਕੇ ਪੱਛੜ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਹਵਾ ਦਾ ਰੁਖ਼ ਠੀਕ ਰਿਹਾ ਤਾਂ ਮੌਨਸੂਨ ਦੁਬਾਰਾ ਐਕਟਿਵ ਹੋ ਸਕਦੀ ਹੈ।ਅੱਜ ਵੀ ਲੁਧਿਆਣਾ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ ਹੈ।
ਸੂਬੇ ਵਿੱਚ ਇਸ ਵਾਰ ਮਈ ਅਤੇ ਜੂਨ ਮਹੀਨੇ ਵਿੱਚ ਕਈ ਵਾਰ ਮੀਂਹ ਆਉਣ ਕਰਕੇ ਭਾਵੇਂ ਲੋਕਾਂ ਨੂੰ ਗਰਮੀ ਤੋਂ ਪਿਛਲੇ ਸਾਲਾਂ ਦੇ ਮੁਕਾਬਲੇ ਕੁੱਝ ਰਾਹਤ ਮਿਲੀ ਹੋਈ ਹੈ ਪਰ ਮੌਨਸੂਨ ਕਮਜ਼ੋਰ ਹੋਣ ਕਰਕੇ ਹੁਣ ਮੀਂਹ ਦਾ ਮੌਸਮ ਅੱਗੇ ਪੈ ਸਕਦਾ ਹੈ। ਪੀਏਯੂ ਦੇ ਮੌਸਮ ਵਿਭਾਗ ਅਨੁਸਾਰ ਬੀਤੇ ਬੁੱਧਵਾਰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਪਰ ਅੱਜ ਲਧਿਆਣਾ ਵਿੱਚ ਦੁਪਹਿਰ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਤੋਂ ਘਟ ਕੇ 33 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਦੁਬਾਰਾ ਪੈਰ ਪਸਾਰ ਰਹੀ ਗਰਮੀ ਨੂੰ ਮੀਂਹ ਕਾਰਨ ਕਾਫੀ ਹੱਦ ਤੱਕ ਠੱਲ੍ਹ ਪਈ ਹੈ।
ਪੀਏਯੂ ਦੀ ਮੌਸਮ ਵਿਭਾਗ ਮਾਹਿਰ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਪਹਿਲਾਂ ਪ੍ਰੀ-ਮੌਨਸੂਨ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਆਉਂਦੀ ਸੀ ਪਰ ਇਸ ਵਾਰ ਪੰਜਾਬ ਵਿੱਚ ਪ੍ਰੀ-ਮੌਨਸੂਨ 13-14 ਜੂਨ ਨੂੰ ਹੀ ਆ ਗਈ ਸੀ, ਜਿਸ ਕਾਰਨ ਜੁਲਾਈ ਵਿੱਚ ਆਉਣ ਵਾਲੀ ਮੌਨਸੂਨ ਕਮਜ਼ੋਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਹਵਾ ਦਾ ਰੁਖ਼ ਠੀਕ ਰਿਹਾ ਤਾਂ ਮੌਨਸੂਨ ਦੁਬਾਰਾ ਐਕਟਿਵ ਹੋਣ ਦੀ ਸੰਭਾਵਨਾ ਹੈ। ਡਾ. ਪ੍ਰਭਜੋਤ ਕੌਰ ਨੇ ਭਾਵੇਂ ਮੌਨਸੂਨ ਦੇ ਆਉਣ ਦਾ ਪੱਕਾ ਸਮਾਂ ਨਹੀਂ ਦੱਸਿਆ ਪਰ ਇੰਨਾ ਜ਼ਰੂਰ ਮੰਨਿਆ ਕਿ ਮੌਨਸੂਨ ਜੁਲਾਈ ਤੱਕ ਦੁਬਾਰਾ ਐਕਟਿਵ ਹੋ ਸਕਦੀ ਹੈ।