ਚਰਨਜੀਤ ਭੁੱਲਰ
ਚੰਡੀਗੜ੍ਹ, 24 ਜੂਨ
ਮੁੱਖ ਅੰਸ਼
- ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕਣ ਲਈ ਮਜਬੂਰ
- ਗੋਨਿਆਣਾ ਇਲਾਕੇ ਿਵੱਚ ਕਿਸਾਨਾਂ ਨੇ ਰੋਸ ਵਜੋਂ ਸੜਕ ਉੱਤੇ ਹੀ ਝੋਨਾ ਲਾਇਆ
ਕੈਪਟਨ ਸਰਕਾਰ ਹੁਣ ਖੇਤੀ ਸੈਕਟਰ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ’ਚ ਫੇਲ੍ਹ ਹੋ ਗਈ ਹੈ, ਜਿਸ ਤੋਂ ਅੱਕੇ ਕਿਸਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ। ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਵੀ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਮੌਕੇ ਵੀ ਕਿਸਾਨਾਂ ਦੀ ਬਿਪਤਾ ਨਿਵਾਰਨ ’ਚ ਮਦਦਗਾਰ ਨਹੀਂ ਬਣ ਰਹੀ ਹੈ। ਝੋਨੇ ਦੀ ਲੁਆਈ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ ਅਤੇ ਬਹੁਤੇ ਕਿਸਾਨ ਮਹਿੰਗਾ ਡੀਜ਼ਲ ਫੂਕਣ ਲਈ ਮਜਬੂਰ ਹਨ। ਕੈਪਟਨ ਸਰਕਾਰ ਵੱਲੋਂ ਖੇਤੀ ਸੈਕਟਰ ਲਈ 10 ਜੂਨ ਤੋਂ ਝੋਨੇ ਦੇ ਸੀਜ਼ਨ ਦੌਰਾਨ ਅੱਠ ਘੰਟੇ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਮੌਕੇ ਜਦੋਂ ਲੁਆਈ ਦਾ ਕੰਮ ਸਿਖ਼ਰ ’ਤੇ ਹੈ ਤਾਂ ਪਾਵਰਕੌਮ ਨੇ ਖੇਤੀ ਲਈ ਬਿਜਲੀ ਸਪਲਾਈ ’ਤੇ ਕੱਟ ਲਾ ਦਿੱਤਾ ਹੈ। ਪਾਵਰਕੌਮ ਦੇ ਆਪਣੇ ਤੱਥਾਂ ਅਨੁਸਾਰ 23 ਜੂਨ ਨੂੰ ਪੰਜਾਬ ’ਚ ਖੇਤੀ ਲਈ ਔਸਤਨ 5.13 ਘੰਟੇ ਬਿਜਲੀ ਸਪਲਾਈ ਦਿੱਤੀ ਗਈ ਜਦੋਂ ਕਿ ਸਰਹੱਦੀ ਖੇਤਰ ਵਿਚ ਸਿਰਫ਼ ਛੇ ਘੰਟੇ ਬਿਜਲੀ ਸਪਲਾਈ ਖੇਤੀ ਨੂੰ ਦਿੱਤੀ ਗਈ। ਪਾਵਰਕੌਮ ਵੱਲੋਂ ਤਿੰਨ ਸ਼ਿਫਟਾਂ ਵਿਚ ਖੇਤੀ ਨੂੰ ਬਿਜਲੀ ਦਿੱਤੀ ਜਾਂਦੀ ਹੈ। ਖੇਤੀ ਲਈ 23 ਜੂਨ ਨੂੰ ਬਠਿੰਡਾ ਸਰਕਲ ਦੀ ਤੀਜੀ ਸ਼ਿਫਟ ’ਚ ਸਿਰਫ਼ 5.35 ਘੰਟੇ, ਫਰੀਦਕੋਟ ਸਰਕਲ ’ਚ ਤੀਜੀ ਸ਼ਿਫਟ ’ਚ 4.10 ਘੰਟੇ, ਮੁਕਤਸਰ ਸਰਕਲ ਦੀ ਤੀਜੀ ਸ਼ਿਫਟ ’ਚ 2.55 ਘੰਟੇ ਅਤੇ ਫਿਰੋਜ਼ਪੁਰ ਸਰਕਲ ਦੀ ਤੀਜੀ ਸ਼ਿਫਟ ’ਚ 2.15 ਘੰਟੇ ਹੀ ਬਿਜਲੀ ਸਪਲਾਈ ਖੇਤੀ ਲਈ ਦਿੱਤੀ ਗਈ। ਪਾਵਰਕੌਮ ਦੇ ਆਪਣੇ ਅੰਕੜੇ ਹੀ ਸਰਕਾਰ ਦੇ ਦਾਅਵਿਆਂ ’ਤੇ ਸੁਆਲ ਖੜ੍ਹੇ ਕਰ ਰਹੇ ਹਨ। ਬਿਜਲੀ ਸੰਕਟ ਕਰਕੇ ਪੰਜਾਬ ’ਚ ਹਾਹਾਕਾਰ ਮੱਚੀ ਹੋਈ ਹੈ। ਇੱਕ ਨਜ਼ਰ ਮਾਰੀਏ ਤਾਂ ਅੱਜ ਜ਼ਿਲ੍ਹਾ ਮੋਗਾ ’ਚ ਕਈ ਸੜਕਾਂ ਕਿਸਾਨਾਂ ਨੇ ਜਾਮ ਕੀਤੀਆਂ ਹਨ। ਕਿਸਾਨਾਂ ਨੇ ਮੋਗਾ-ਅੰਮ੍ਰਿਤਸਰ ਸੜਕ ਨੂੰ ਜਾਮ ਕੀਤਾ ਅਤੇ ਜਨੇਰ ਗਰਿੱਡ ਅੱਗੇ ਪ੍ਰਦਰਸ਼ਨ ਕੀਤਾ। ਮੋਗਾ-ਫਿਰੋਜ਼ਪੁਰ ਸੜਕ ’ਤੇ ਪਿੰਡ ਡਗਰੂ ਗਰਿੱਡ ਕੋਲ ਸੜਕ ਜਾਮ ਕੀਤੀ। ਕਿਸਾਨ ਆਖਦੇ ਹਨ ਕਿ ਸਿਰਫ਼ ਤਿੰਨ ਹੀ ਖੇਤਾਂ ਨੂੰ ਬਿਜਲੀ ਮਿਲ ਰਹੀ ਹੈ। ਬੱਧਨੀ ਕਲਾਂ ’ਚ ਪਾਵਰਕੌਮ ਦਫਤਰ ਦਾ ਘਿਰਾਓ ਕੀਤਾ ਗਿਆ। ਕਿਸਾਨਾਂ ਨੇ ਅੱਜ ਖਰੜ-ਲੁਧਿਆਣਾ ਸੜਕ ਵੀ ਜਾਮ ਕੀਤੀ। ਕਿਸਾਨਾਂ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਵੀ ਪ੍ਰਦਰਸ਼ਨ ਕੀਤਾ। ਕਿਸਾਨ ਧਿਰਾਂ ਦੀ ਅਗਵਾਈ ਵਿਚ ਕਿਸਾਨ ਦੋ ਦਿਨਾਂ ਤੋਂ ਸੜਕਾਂ ਘੇਰ ਰਹੇ ਹਨ ਅਤੇ ਪਾਵਰਕੌਮ ਦੇ ਅਫਸਰਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਸਮਾਲਸਰ ਵਿਚ 25 ਪਿੰਡਾਂ ਦੇ ਕਿਸਾਨਾਂ ਨੇ ਅੱਜ ਰੌਲਾ ਪਾਇਆ ਅਤੇ ਕਿਹਾ ਕਿ ਅੱਠ ਘੰਟੇ ਦੀ ਥਾਂ ਸਿਰਫ਼ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਬਰਨਾਲਾ ਦੇ ਚੰਨਣਵਾਲ ਗਰਿੱਡ ਅੱਗੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਹੈ। ਬੀਕੇਯੂ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਨੇ ਅਲਟੀਮੇਟਮ ਦਿੱਤਾ ਕਿ ਖੇਤੀ ਲਈ ਬਿਜਲੀ ਅੱਠ ਘੰਟੇ ਨਾ ਮਿਲੀ ਤਾਂ ਪੱਕਾ ਮੋਰਚਾ ਲਾਵਾਂਗੇ। ਕਾਤਰੋ ਗਰਿੱਡ ਨੂੰ ਬੰਦ ਕਰ ਦਿੱਤਾ ਗਿਆ ਹੈ। ਬਠਿੰਡਾ ਜ਼ਿਲ੍ਹੇ ’ਚ ਮੁਲਤਾਨੀਆਂ, ਬੀੜ ਬਹਿਮਣ, ਮੀਆਂ, ਨਰੂਆਣਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਮੁਲਤਾਨੀਆਂ ਰੋਡ ’ਤੇ ਗਰਿੱਡ ਦਾ ਘਿਰਾਓ ਕੀਤਾ ਹੈ। ਗੋਨਿਆਣਾ ਇਲਾਕੇ ’ਚ ਕਿਸਾਨਾਂ ਨੇ ਇੱਕ ਜਗ੍ਹਾ ਰੋਸ ਵਜੋਂ ਸੜਕ ’ਤੇ ਹੀ ਝੋਨਾ ਲਾ ਦਿੱਤਾ ਹੈ। ਮਾਨਸਾ ਜ਼ਿਲ੍ਹੇ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।
ਬੀਕੇਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਬਿਜਲੀ ਸੰਕਟ ਦੇ ਮੱਦੇਨਜ਼ਰ ਫੀਲਡ ਵਿਚ ਘਿਰਾਓ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਿਜਲੀ ਸਪਲਾਈ ਦੇਣ ਵਿਚ ਅਸਫਲ ਰਹੀ ਹੈ ਅਤੇ ਸਰਕਾਰ ਫੌਰੀ ਖੇਤੀ ਸੈਕਟਰ ਨੂੰ 10 ਘੰਟੇ ਬਿਜਲੀ ਸਪਲਾਈ ਦੇਵੇ। ਬਰਨਾਲਾ ਦੇ ਪਿੰਡ ਉਪਲੀ ਦੇ ਕਿਸਾਨ ਰਸਵੀਰ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਮੀਂਹ ਨਾ ਪੈਣ ਕਰਕੇ ਖੇਤੀ ਲਈ ਬਿਜਲੀ ਦੀ ਜ਼ਿਆਦਾ ਲੋੜ ਹੈ। ਮਮਦੋਟ ਸਬ ਡਵੀਜ਼ਨ ਅਤੇ ਪਿੰਡ ਰਾਉਕੇ ਦੇ ਗਰਿੱਡ ਨੂੰ ਵੀ ਅੱਜ ਕਿਸਾਨਾਂ ਨੇ ਘੇਰਿਆ ਹੈ। ਚੋਣਾਂ ਨੇੜੇ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਜਿਸ ਤਰ੍ਹਾਂ ਸਰਕਾਰ ਨੇ ਆਪਣੇ ਹਾਲ ’ਤੇ ਛੱਡ ਦਿੱਤਾ ਹੈ, ਉਸ ਨੂੰ ਦੇਖਦੇ ਹੋਏ ਕਿਸਾਨ ਔਖੇ ਹਨ। ਕਿਸਾਨ ਦੱਸਦੇ ਹਨ ਕਿ ਵੱਡਾ ਸੰਕਟ ਬਿਜਲੀ ਦੇ ਟਰਾਂਸਫਾਰਮਰਾਂ ਅਤੇ ਖੰਭਿਆਂ ਆਦਿ ਦਾ ਵੀ ਹੈ। ਪਾਵਰਕੌਮ ਨੇ ਅਗਾਊਂ ਪ੍ਰਬੰਧ ਨਾ ਕੀਤੇ ਹੋਣ ਕਰਕੇ ਭੁਗਤਣਾ ਕਿਸਾਨਾਂ ਨੂੰ ਪੈ ਰਿਹਾ ਹੈ।
ਪੰਜਾਬ ਵਿਚ ਅੱਜ ਸ਼ਾਮ ਸਮੇਂ ਬਿਜਲੀ ਦੀ ਮੰਗ 12,334 ਮੈਗਾਵਾਟ ਸੀ। ਪਾਵਰਕੌਮ ਨੇ ਕਰੀਬ ਨੌਂ ਮਹੀਨੇ ਮਗਰੋਂ ਲਹਿਰਾ ਮੁਹੱਬਤ ਥਰਮਲ ਨੂੰ ਹੁਣ ਭਖਾਇਆ ਹੈ। ਜਨਤਕ ਸੈਕਟਰ ਦੇ ਥਰਮਲਾਂ ਤੋਂ ਇਸ ਵੇਲੇ 950 ਮੈਗਾਵਾਟ, ਰਾਜਪੁਰਾ ਥਰਮਲ ਤੋਂ 1320 ਮੈਗਾਵਾਟ, ਤਲਵੰਡੀ ਸਾਬੋ ਥਰਮਲ ਤੋਂ 1225 ਮੈਗਾਵਾਟ ਬਿਜਲੀ ਮਿਲ ਰਹੀ ਹੈ। ਕਰੀਬ 7200 ਮੈਗਾਵਾਟ ਬਿਜਲੀ ਦੂਸਰੇ ਸਰੋਤਾਂ ਅਤੇ ਬਾਹਰੋਂ ਲਈ ਜਾ ਰਹੀ ਹੈ। ਤਲਵੰਡੀ ਸਾਬੋ ਥਰਮਲ ਦਾ ਯੂਨਿਟ ਨੰਬਰ ਤਿੰਨ ਕਾਫੀ ਸਮੇਂ ਤੋਂ ਬੰਦ ਪਿਆ ਹੈ ਜਦੋਂ ਕਿ ਰੋਪੜ ਥਰਮਲ ਦਾ ਯੂਨਿਟ ਨੰਬਰ ਪੰਜ ਵੀ ਨੁਕਸ ਕਰਕੇ ਬੰਦ ਹੈ। ਪੱਖ ਜਾਣਨਾ ਚਾਹਿਆ ਤਾਂ ਪਾਵਰਕੌਮ ਦੇ ਸੀਐਮਡੀ ਅਤੇ ਡਾਇਰੈਕਟਰ (ਵੰਡ) ਨੇ ਫੋਨ ਨਹੀਂ ਚੁੱਕਿਆ।
ਬਿਜਲੀ ਕਟੌਤੀ ਪਿਛਲਾ ਗੁਪਤ ਏਜੰਡਾ !
ਸੂਤਰਾਂ ਦੀ ਮੰਨੀਏ ਤਾਂ ਪੰਜਾਬ ਸਰਕਾਰ ਨੇ ਬਿਜਲੀ ਸਬਸਿਡੀ ਕਰਕੇ ਪੈਂਦੇ ਵਿੱਤੀ ਬੋਝ ਨੂੰ ਘਟਾਉਣ ਲਈ ਗੁਪਤ ਫਾਰਮੂਲਾ ਤਿਆਰ ਕੀਤਾ ਹੈ ਜਿਸ ਤਹਿਤ ਖੇਤੀ ਨੂੰ ਚਾਰ ਤੋਂ ਪੰਜ ਘੰਟੇ ਬਿਜਲੀ ਦਿੱਤੀ ਜਾਣੀ ਹੈ ਤਾਂ ਜੋ ਸਰਕਾਰ ’ਤੇ ਸਬਸਿਡੀ ਬੋਝ ਘਟਾਇਆ ਜਾ ਸਕੇ। ਪਾਵਰਕੌਮ ਦੇ ਅਫਸਰਾਂ ਨੂੰ ਵੀ ਹਦਾਇਤਾਂ ਹਨ ਕਿ ਕਾਗਜ਼ਾਂ ਵਿਚ ਬਿਜਲੀ ਸਪਲਾਈ ਅੱਠ ਘੰਟੇ ਹੀ ਦਿਖਾਈ ਜਾਵੇ। ਪੰਜਾਬ ’ਚ ਖੇਤੀ ਸੈਕਟਰ ਵਾਲੇ ਛੇ ਹਜ਼ਾਰ ਫੀਡਰਾਂ ਤੋਂ ਮੀਟਰਡ ਬਿਜਲੀ ਦਿੱਤੀ ਜਾਂਦੀ ਹੈ।