ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 24 ਜੂਨ
ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਫ਼ਰੀਦਕੋਟ ਇਕਾਈ ਨੇ ਭੀਮਾ ਕੋਰੇ ਗਾਓਂ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੇਸ਼ ਦੇ 16 ਬੁੱਧੀਜੀਵੀਆਂ ਦੀ ਰਿਹਾਈ ਲਈ ਅੱਜ ਇੱਥੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ। ਇਸ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਸੁਬਾਈ ਆਗੂ ਡਾ. ਅਜੀਤ ਪਾਲ ਸਿੰਘ ਹਾਜ਼ਰ ਹੋਏ। ਇਸ ਮੌਕੇ ਡਾ. ਅਜੀਤ ਪਾਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਜਮਹੂਰੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ ਅਤੇ ਲੋਕ ਚੇਤਨਾ ਦੀ ਗੱਲ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਕਿਸਾਨ ਆਗੂ ਲਾਲ ਸਿੰਘ ਗੋਲੇਵਾਲਾ ਨੇ ਕਿਹਾ ਕਿ ਦੇਸ਼ ਵਿੱਚ ਐਮਰਜੈਂਸੀ ਵਰਗੇ ਹਾਲਾਤ ਹਨ ਅਤੇ ਜਮਹੂਰੀਅਤ ਵਿੱਚ ਵਿਸ਼ਵਾਸ਼ ਰੱਖਣ ਵਾਲੇ ਲੋਕਾਂ ਨੂੰ ਇੱਕਮੁੱਠ ਹੋ ਕੇ ਇਸ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ। ਐਡਵੋਕੇਟ ਸੁਰਜੀਤ ਵਾਂਦਰ ਨੇ ਕਿਹਾ ਕਿ ਕਨਵੈਨਸ਼ਨਾਂ ਰਾਹੀਂ ਸਰਕਾਰ ਦੀਆਂ ਗੈਰ ਜਮਹੂਰੀ ਹਰਕਤਾਂ ਬਾਰੇ ਲੋਕਾਂ ਨੂੰ ਜਾਣੂ ਕੀਤਾ ਜਾ ਰਿਹਾ ਹੈ। ਸਭਾ ਦੇ ਜ਼ਿਲ੍ਹਾ ਪ੍ਰਧਾਨ ਸ਼ਿਵਚਰਨ ਅਰਾਈਆਂ ਵਾਲਾ, ਹਰਦਾਸ ਸਿੰਘ, ਸਰਬਜੀਤ ਸਿੰਘ ਭਾਣਾ, ਮਾਸਟਰ ਸੂਰਜ ਭਾਨ, ਸੁਰਿੰਦਰ ਮਚਾਕੀ, ਐਡਵੋਕੇਟ ਮੰਗਤ ਅਰੋੜਾ ਅਤੇ ਆਸ਼ੂ ਕੁਮਾਰ ਮਿੱਤਲ ਨੇ ਕਿਹਾ ਕਿ ਝੂਠੇ ਕੇਸਾਂ ਵਿੱਚ ਫੜੇ ਗਏ ਬੁੱਧੀਜੀਵੀਆਂ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ ਅਤੇ ਉਨ੍ਹਾਂ ਕੇਸਾਂ ਦੀ ਪੜਤਾਲ ਕਿਸੇ ਕੌਮਤਾਂਤਰੀ ਪੱਧਰ ਦੀ ਜਾਂਚ ਏਜੰਸੀ ਨੂੰ ਸੌਂਪੀ ਜਾਵੇ।