ਰਿਸ਼ੀ ਕਪੂਰ ਦੀ ਵੱਡੀ ਪ੍ਰਸੰਸਕ ਸ਼੍ਰਧਾ
ਜ਼ੀ ਟੀਵੀ ਦੇ ਸ਼ੋਅ ‘ਕੁੰਡਲੀ ਭਾਗਿਆ’ ਨੇ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹਿਆ ਹੋਇਆ ਹੈ। ਜਿੱਥੇ ਪ੍ਰੀਤਾ ਆਪਣੇ ਪ੍ਰੇਮੀ ਨੂੰ ਪੁਲੀਸ ਦੇ ਚੁੰਗਲ ਤੋਂ ਬਚਾਉਣ ਲਈ ਸੰਘਰਸ਼ ਕਰ ਰਹੀ ਹੈ, ਉੱਥੇ ਸ਼੍ਰਧਾ ਆਰੀਆ ਆਪਣੇ ਇਸ ਕਿਰਦਾਰ ਨੂੰ ਬਿਹਤਰ ਬਣਾਉਣ ਲਈ ਇਕ ਤੋਂ ਬਾਅਦ ਹਰ ਚੁਣੌਤੀ ਪਾਰ ਕਰ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੰਮ ਕਰਨ ਦੇ ਬਾਵਜੂਦ ਇਸ ਅਭਿਨੇਤਰੀ ਨੇ ਆਪਣਾ ਉਤਸ਼ਾਹ ਬਣਾ ਕੇ ਰੱਖਿਆ ਹੋਇਆ ਹੈ। ਉਸ ਦੇ ਇਸ ਜੋਸ਼ ਦਾ ਰਾਜ਼ ਕੁਝ ਹੋਰ ਨਹੀਂ ਬਲਕਿ ਦਿੱਗਜ ਅਦਾਕਾਰ ਰਿਸ਼ੀ ਕਪੂਰ ਦੇ ਸਦਾਬਹਾਰ ਗੀਤ ਹਨ।
ਸ਼੍ਰਧਾ ਆਰੀਆ ਆਪਣੇ ਬਚਪਨ ਦੇ ਦਿਨਾਂ ਤੋਂ ਹੀ ਰਿਸ਼ੀ ਕਪੂਰ ਦੀ ਵੱਡੀ ਪ੍ਰਸੰਸਕ ਰਹੀ ਹੈ ਅਤੇ ਉਸ ਨੂੰ ਰਿਸ਼ੀ ਦੀਆਂ ਫ਼ਿਲਮਾਂ ਬਹੁਤ ਪਸੰਦ ਹਨ। ਸੈੱਟ ‘ਤੇ ਪੂਰੇ ਦਿਨ ਸ਼ੂਟਿੰਗ ਕਰਨ ਦੇ ਬਾਅਦ ਸ਼੍ਰਧਾ ਰਿਸ਼ੀ ਕਪੂਰ ਦੇ ਕਲਾਸਿਕ ਗੀਤ ਸੁਣ ਕੇ ਖੁਦ ਨੂੰ ਤਰੋਤਾਜ਼ਾ ਰੱਖਦੀ ਹੈ ਅਤੇ ਇਸ ਨਾਲ ਹੀ ਉਸ ਨੂੰ ਉਤਸ਼ਾਹ ਅਤੇ ਊਰਜਾ ਮਿਲਦੀ ਹੈ ਜਿਸ ਨੂੰ ਆਪਣੇ ਕਿਰਦਾਰ ਵਿਚ ਸ਼ਾਮਲ ਕਰਦੀ ਹੈ।
ਇਸ ਅਦਾਕਾਰ ਪ੍ਰਤੀ ਆਪਣੀ ਚਾਹਤ ਅਤੇ ਸਨਮਾਨ ਬਾਰੇ ਦੱਸਦੇ ਹੋਏ ਸ਼੍ਰਧਾ ਕਹਿੰਦੀ ਹੈ, ”ਮੈਂ ਆਪਣੇ ਬਚਪਨ ਦੇ ਦਿਨਾਂ ਤੋਂ ਹੀ ਰਿਸ਼ੀ ਜੀ ਦੀ ਵੱਡੀ ਪ੍ਰਸੰਸਕ ਰਹੀ ਹਾਂ ਅਤੇ ਉਨ੍ਹਾਂ ਦੀਆਂ ਫ਼ਿਲਮਾਂ ਦੇਖਦੇ ਹੋਏ ਅਤੇ ਉਨ੍ਹਾਂ ਦੇ ਸਦਾਬਹਾਰ ਗੀਤਾਂ ‘ਤੇ ਡਾਂਸ ਕਰਦੇ ਹੋਏ ਹੀ ਵੱਡੀ ਹੋਈ ਹਾਂ। ਮੈਨੂੰ ਲੱਗਦਾ ਹੈ ਕਿ ਰਿਸ਼ੀ ਜੀ ਪ੍ਰਤੀ ਮੇਰੇ ਮਨ ਵਿਚ ਜੋ ਆਦਰ ਅਤੇ ਸਨਮਾਨ ਹੈ, ਉਹ ਮੇਰੇ ਵਿਚ ਮੇਰੀ ਮਾਂ ਤੋਂ ਆਇਆ ਹੈ ਜੋ ਰਿਸ਼ੀ ਜੀ ਨੂੰ ਬਹੁਤ ਪਸੰਦ ਕਰਦੀ ਹੈ। ਮੈਨੂੰ ਯਾਦ ਹੈ ਕਿ ਉਹ ਅਕਸਰ ਰੇਡੀਓ ਅਤੇ ਟੀਵੀ ‘ਤੇ ਵੱਜਣ ਵਾਲੇ ਗੀਤ ਗੁਣਗੁਣਾਉਂਦੀ ਸੀ ਅਤੇ ਇਸ ਤਰ੍ਹਾਂ ਮੈਂ ਵੀ ਉਨ੍ਹਾਂ ਦੇ ਗੀਤ ਸੁਣਨੇ ਸ਼ੁਰੂ ਕੀਤੇ। ਅਸਲ ਵਿਚ ਰਿਸ਼ੀ ਜੀ ਦੇ ਦੋ ਗੀਤ ਮੇਰੇ ਸਭ ਤੋਂ ਪਸੰਦੀਦਾ ਹਨ-ਫ਼ਿਲਮ ‘ਸਾਗਰ’ ਦਾ ‘ਸਾਗਰ ਜੈਸੀ ਆਂਖੋ ਵਾਲੀ’ ਅਤੇ ਫ਼ਿਲਮ ‘ਬੌਬੀ’ ਦਾ ‘ਮੈਂ ਸ਼ਾਇਰ ਤੋਂ ਨਹੀਂ।’ ਇੱਥੋਂ ਤਕ ਕਿ ‘ਅਕਬਰ ਐਂਥਨੀ’, ‘ਨਸੀਬ’ ਅਤੇ ‘ਨਗੀਨਾ’ ਵਰਗੀਆਂ ਉਨ੍ਹਾਂ ਦੀਆਂ ਦੂਜੀਆਂ ਫ਼ਿਲਮਾਂ ਵੀ ਮੇਰੀਆਂ ਪਸੰਦੀਦਾ ਹਨ ਅਤੇ ਮੈਂ ਇਨ੍ਹਾਂ ਫ਼ਿਲਮਾਂ ਨੂੰ ਕਿਧਰੇ ਵੀ ਤੇ ਕਿਸੇ ਵੀ ਸਮੇਂ ਦੇਖ ਸਕਦੀ ਹਾਂ। ਉਹ ਹਮੇਸ਼ਾਂ ਮੇਰੇ ਪਿਆਰ ਬਣੇ ਰਹਿਣਗੇ।”
ਨਕਾਰਾਤਮਕ ਕਿਰਦਾਰ ‘ਚ ਗੁਰਦੀਪ ਕੋਹਲੀ
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੇ ਹਰਮਨ ਪਿਆਰੇ ਸ਼ੋਅ ‘ਕਿਉਂ ਉੱਥੇ ਦਿਲ ਛੋੜ ਆਏ’ ਨੇ ਕਾਫ਼ੀ ਹਰਮਨਪਿਆਰਤਾ ਹਾਸਲ ਕੀਤੀ ਹੈ ਅਤੇ ਸਮੇਂ ਨਾਲ ਇਹ ਦਰਸ਼ਕਾਂ ਦਾ ਪਸੰਦੀਦਾ ਸ਼ੋਅ ਬਣ ਗਿਆ ਹੈ। ਹੁਣ ਇਸ ਸ਼ੋਅ ਵਿਚ ਅੰਮ੍ਰਿਤ ਯਾਨੀ ਗਰੇਸੀ ਗੋਸਵਾਮੀ ਅਤੇ ਰਣਧੀਰ ਯਾਨੀ ਜਾਨ ਖਾਨ ਵਿਚਕਾਰ ਥੋੜ੍ਹਾ ਜਿਹਾ ਹੋਰ ਤੜਕਾ ਲਗਾਏਗੀ ਐਕਟਰ ਗੁਰਦੀਪ ਕੋਹਲੀ।
ਗੁਰਦੀਪ ਇਸ ਸ਼ੋਅ ਵਿਚ ਨਕਾਰਾਤਮਕ ਕਿਰਦਾਰ ਨਿਭਾ ਰਹੀ ਹੈ ਜੋ ਕਾਵੇਰੀ ਪ੍ਰਤਾਪ ਸਿੰਘ ਬਣ ਕੇ ਇਸ ਸ਼ੋਅ ਵਿਚ ਆਵੇਗੀ। ਉਹ ਵੀਰ ਯਾਨੀ ਕੁਣਾਲ ਜੈਸਿੰਘ ਦੀ ਮੌਤ ਦੇ ਬਾਅਦ ਅੰਮ੍ਰਿਤ ਅਤੇ ਰਣਧੀਰ ਦੀ ਜ਼ਿੰਦਗੀ ਵਿਚ ਖ਼ਲਨਾਇਕਾ ਦਾ ਕਿਰਦਾਰ ਨਿਭਾਏਗੀ। ਇਹ ਕਹਾਣੀ ਹੁਣ ਇਸ ਗੱਲ ‘ਤੇ ਕੇਂਦਰਿਤ ਰਹੇਗੀ ਕਿ ਕਿਵੇਂ ਕਾਵੇਰੀ ਆਪਣੇ ਲਾਲਚ ਦੇ ਚੱਲਦੇ ਰਾਣੀ ਨਲਿਨੀ ਦਾ ਰਾਜ ਸਿੰਘਾਸਣ ਹਥਿਆਉਣਾ ਚਾਹੁੰਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਵੇਂ ਉਨ੍ਹਾਂ ਦੀ ਐਂਟਰੀ ਨਾਲ ਇਸ ਸ਼ੋਅ ਵਿਚ ਜ਼ਬਰਦਸਤ ਡਰਾਮਾ ਆਵੇਗਾ।
ਆਪਣੀ ਐਂਟਰੀ ਨੂੰ ਲੈ ਕੇ ਗੁਰਦੀਪ ਕੋਹਲੀ ਯਾਨੀ ਕਾਵੇਰੀ ਪ੍ਰਤਾਪ ਸਿੰਘ ਕਹਿੰਦੀ ਹੈ, ”ਮੈਂ ਕਾਵੇਰੀ ਦਾ ਰੋਲ ਨਿਭਾਉਣ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹਾਂ। ਇਹ ਮੇਰੇ ਲਈ ਅਨੋਖਾ ਅਤੇ ਚੁਣੌਤੀਪੂਰਨ ਹੋਵੇਗਾ ਕਿਉਂਕਿ ਮੇਰੇ ਕਿਰਦਾਰ ਵਿਚ ਗ੍ਰੇ ਸ਼ੇਡ ਹੈ। ਉਹ ਨਾ ਸਿਰਫ਼ ਸੁਭਾਅ ਵਿਚ ਨੈਗੇਟਿਵ ਹੈ ਬਲਕਿ ਲਾਲਚੀ ਵੀ ਹੈ ਅਤੇ ਦਰਸ਼ਕਾਂ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਕਿਸ ਤਰ੍ਹਾਂ ਅੰਮ੍ਰਿਤ, ਰਣਧੀਰ ਅਤੇ ਨਲਿਨੀ ਦੀ ਜ਼ਿੰਦਗੀ ਵਿਚ ਤੂਫ਼ਾਨ ਖੜ੍ਹਾ ਕਰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਇਸ ਦੀ ਸ਼ੂਟਿੰਗ ਕਰਨ ਵਿਚ ਜਿੰਨਾ ਮਜ਼ਾ ਆਇਆ, ਉਸੀ ਤਰ੍ਹਾਂ ਨਾਲ ਦਰਸ਼ਕ ਵੀ ਮੈਨੂੰ ਕਾਵੇਰੀ ਦੇ ਕਿਰਦਾਰ ਵਿਚ ਸਵੀਕਾਰ ਕਰਨਗੇ।”
ਇਹ ਦੇਖਣਾ ਅਸਲ ਵਿਚ ਦਿਲਚਸਪ ਹੋਵੇਗਾ ਕਿ ਕਾਵੇਰੀ ਕਿਵੇਂ ਇਸ ਪਰਿਵਾਰ ਵਿਚ ਆਪਣੀ ਪਛਾਣ ਬਣਾਉਂਦੀ ਹੈ?
ਸਟਾਰ ਭਾਰਤ ਦਾ ਨਵਾਂ ਸ਼ੋਅ
ਸਟਾਰ ਭਾਰਤ ਨੇ ਆਪਣੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ਼ੋਅ ‘ਲਕਸ਼ਮੀ ਘਰ ਆਈ’ ਦਾ ਐਲਾਨ ਕਰ ਦਿੱਤਾ ਹੈ। ਸ਼ੁਕੁੰਤਲਮ ਟੈਲੀਫ਼ਿਲਮਜ਼ ਵੱਲੋਂ ਨਿਰਮਤ ਇਹ ਸ਼ੋਅ 5 ਜੁਲਾਈ 2021 ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਸ਼ੋਅ ਵਿਚ ਬਹੁਪੱਖੀ ਕਲਾਕਾਰ ਅਨੰਨਿਆ ਖਰੇ, ਪ੍ਰਤਿਭਾਸ਼ਾਲੀ ਅਦਾਕਾਰ ਅਕਸ਼ਿਤ ਸੁਖੀਜਾ ਅਤੇ ਖੂਬਸੂਰਤ ਅਭਿਨੇਤਰੀ ਸਿਮਰਨ ਪਰੀਂਜਾ ਮੁੱਖ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਇਹ ਸ਼ੋਅ ਦਾਜ ਪ੍ਰਥਾ ‘ਤੇ ਪ੍ਰਕਾਸ਼ ਪਾਵੇਗਾ ਜਿਸ ਦਾ ਪਾਲਣ ਅੱਜ ਵੀ ਦੇਸ਼ ਵਿਚ ਕੀਤਾ ਜਾਂਦਾ ਹੈ। ਇਹ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਆਪਣੇ ਨਾਲ ਬਹੁਤ ਸਾਰਾ ਪਿਆਰ ਤਾਂ ਲਿਆਉਂਦੀ ਹੈ, ਪਰ ਅਜਿਹੀ ਕੋਈ ਭੌਤਿਕ ਸੰਪਤੀ ਨਹੀਂ ਲਿਆਉਂਦੀ ਜਿਸ ਨਾਲ ਉਸ ਦੇ ਪਤੀ ਦਾ ਪਰਿਵਾਰ ਖੁਸ਼ ਜੋ ਜਾਵੇ। ਹੁਣ ਲੜਕੀ ਇਕ ਅਣਜਾਣ ਪਰਿਵਾਰ ਨਾਲ ਇਨ੍ਹਾਂ ਪਰਿਸਥਿਤੀਆਂ ਵਿਚ ਕਿਵੇਂ ਤਾਲਮੇਲ ਬਿਠਾਏਗੀ ਇਹ ਦੇਖਣਾ ਦਿਲਚਸਪ ਹੋਵੇਗਾ। ਇਹ ਕਹਾਣੀ ਮੈਥਲੀ ਦੀ ਯਾਤਰਾ ਨੂੰ ਬਿਆਨ ਕਰੇਗੀ ਜੋ ਇਸ ਗੱਲ ‘ਤੇ ਧਿਆਨ ਕੇਂਦਰਿਤ ਕਰੇਗੀ ਕਿ ਕਿਵੇਂ ਇਕ ਬਹੂ ਦਾ ਪਿਆਰ ਅਤੇ ਦੇਖਭਾਲ ਜੋ ਉਹ ਵਿਆਹ ਦੇ ਬਾਅਦ ਇਕ ਪਰਿਵਾਰ ਵਿਚ ਲਿਆਉਂਦੀ ਹੈ, ਉਹ ਉਸ ਵੱਲੋਂ ਲਿਆਂਦੀ ਗਈ ਸਭ ਤੋਂ ਵੱਡੀ ਸੰਪਤੀ ਹੈ।
ਜਦੋਂ ਸ਼ੋਅ ਵਿਚ ਅਕਸ਼ਿਤ ਤੋਂ ਉਸ ਦੇ ਕਿਰਦਾਰ ਬਾਰੇ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ, ”ਮੈਨੂੰ ਸਕਰੀਨ ‘ਤੇ ਕੋਵਿਡ-19 ਦੇ ਬਾਅਦ ਵਾਪਸੀ ਕਰਨ ਲਈ ਇਸ ਤੋਂ ਬਿਹਤਰ ਸ਼ੋਅ ਨਹੀਂ ਮਿਲ ਸਕਦਾ ਸੀ। ਮੈਂ ਇਸ ਦੀ ਸ਼ੁਰੂਆਤ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੇਰਾ ਮੰਨਣਾ ਹੈ ਕਿ ਇਸ ਸ਼ੋਅ ਵਿਚ ਰਾਘਵ ਦਾ ਕਿਰਦਾਰ ਨਿਭਾਉਣਾ ਸਨਮਾਨ ਦੀ ਗੱਲ ਹੈ ਜਿਸ ਦੀ ਕਹਾਣੀ ਸਮਾਜ ਨੂੰ ਇਹ ਸੰਦੇਸ਼ ਦੇਣ ਦੀ ਉਮੀਦ ਕਰਦੀ ਹੈ ਕਿ ਲੜਕੀਆਂ ਇਕ ਜ਼ਿੰਮੇਵਾਰੀ ਨਹੀਂ ਹਨ। ਮੈਨੂੰ ਉਮੀਦ ਹੈ ਕਿ ਇਹ ਸ਼ੋਅ ਚੰਗਾ ਕਰੇਗਾ ਅਤੇ ਅਸੀਂ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰ ਸਕਣ ਵਿਚ ਸਮਰੱਥ ਹੋਵਾਂਗੇ।’