ਪਾਲ ਸਿੰਘ ਨੌਲੀ
ਜਲੰਧਰ, 25 ਜੂਨ
ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੇ ਹੋਰ ਸਟਾਫ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਓਪੀਡੀ ਸਮੇਤ ਬਾਕੀ ਸਾਰੇ ਕੰਮ ਬੰਦ ਕਰ ਦਿੱਤੇ ਗਏ ਜਿਸ ਨਾਲ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਸੱਦੇ ’ਤੇ ਡਾਕਟਰਾਂ ਨੇ ਛੇਵੇਂ ਪੇਅ-ਕਮਿਸ਼ਨ ਵਿਚ ਉਨ੍ਹਾਂ ਦਾ ਭੱਤਾ ਘਟਾਉਣ ਦੇ ਵਿਰੋਧ ਵਿਚ ਅੱਜ ਦੀ ਹੜਤਾਲ ਕੀਤੀ। ਡਾਕਟਰਾਂ ਦਾ ਕਹਿਣਾ ਸੀ ਕਿ ਨਾਨ-ਪ੍ਰੈਕਟਿਸ ਭੱਤਾ ਘਟਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ ਜਦਕਿ ਪਹਿਲਾਂ ਇਹ 25 ਫੀਸਦੀ ਸੀ। ਵਿਰੋਧ ਕਰ ਰਹੇ ਡਾਕਟਰਾਂ ਦੇ ਹੱਥਾਂ ਵਿਚ ਪੰਜਾਬ ਸਰਕਾਰ ਵਿਰੁੱਧ ‘ਸਾਡੇ ਹੱਕਾਂ ’ਤੇ ਡਾਕਾ ਨਾ ਮਾਰੋ’ ਨਾਅਰੇ ਲਿਖੇ ਹੋਏ ਸਨ। ਉਨ੍ਹਾਂ ਪੰਜਾਬ ਸਰਕਾਰ ਦੇ ਨਾਂ ’ਤੇ ਸਿਵਲ ਸਰਜਨ ਨੂੰ ਮੰਗ ਪੱਤਰ ਵੀ ਸੌਂਪਿਆ।ਡਇਸ ਮੌਕੇ ਡਾ. ਅਮਰਜੀਤ ਸਿੰਘ, ਡਾ. ਬਲਵਿੰਦਰ ਸਿੰਘ, ਡਾ. ਰਕੇਸ਼ ਕੁਮਾਰ ਤੇ ਡਾ. ਅੰਜੂ ਬਾਲਾ ਸਮੇਤ ਹੋਰ ਡਾਕਟਰ ਵੀ ਹਾਜ਼ਰ ਸਨ।
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸਿਹਤ ਵਿਭਾਗ ਦੀਆਂ ਵੱਖ-ਵੱਖ ਜੱਥੇਬੰਦੀਆਂ ਮੈਡੀਕਲ ਲੈਬਾਰਟਰੀ ਟੈਕਨੀਸ਼ਨ ਐਸੋਸੀਏਸ਼ਨ, ਮਲਟੀਪਰਪਜ਼ ਹੈਲਥ ਸੁਪਰਵਾਈਜਰ ਯੂਨੀਅਨ, ਪੰਜਾਬ ਰਾਜ ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ, ਸਟਾਫ਼ ਨਰਸਿੰਗ ਯੂਨੀਅਨ, ਏ.ਐਨ.ਐਮ., ਐਲ.ਐੱਚ.ਵੀ. ਯੂਨੀਅਨ, ਰੇਡੀਉਗ੍ਰਾਫਰ ਐਸੋਸੀਏਸ਼ਨ, ਫੀਲਡ ਵਰਕਰ ਯੂਨੀਅਨ, ਡਰਾਈਵਰ ਯੂਨੀਅਨ, ਪੈਰਾ ਮੈਡੀਕਲ ਯੂਨੀਅਨ, ਈ.ਐਸ.ਆਈ. ਇੰਪਲਾਈਜ਼ ਐਸੋਸੀਏਸ਼ਨ, ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਯੂਨੀਅਨ ਦਰਜਾ ਚਾਰ ਯੂਨੀਅਨ, ਕੋਵਿਡ-19 ਠੇਕਾ ਆਧਾਰਤ ਮੁਲਾਜ਼ਮ ਯੂਨੀਅਨ ਨੇ ਸਾਂਝੇ ਰੂਪ ਵਿੱਚ ਪੇ-ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੀਆਂ ਸਿਫਾਰਸ਼ਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟਾਇਆ ਹੈ।
ਟਾਂਡਾ (ਪੱਤਰ ਪ੍ਰੇਰਕ): ਇਥੋਂ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਅੱਜ ਹੜਤਾਲ ਕਰਕੇ ਛੇਵੇਂ ਤਨਖਾਹ ਕਮਿਸ਼ਨ ਦੇ ਫੈਸਲੇ ਦਾ ਵਿਰੋਧ ਕੀਤਾ। ਇਸ ਮੌਕੇ ਐੱਸਐੱਮਓ ਪ੍ਰੀਤ ਮਹਿੰਦਰ ਸਿੰਘ, ਡਾ. ਜਤਿੰਦਰ ਗਿੱਲ ਤੇ ਡਾ. ਕਰਮਜੀਤ ਸਿੰਘ ਨੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ।
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸਰਕਾਰ ਵੱਲੋਂ ਛੇਵੇਂ ਪੇ-ਕਮਿਸ਼ਨ ਵਿੱਚ ਡਾਕਟਰ ਵਰਗ ਦਾ ਐਨ.ਪੀ.ਏ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਅਤੇ ਹੋਰ ਭੱਤਿਆਂ ਵਿੱਚ ਵੀ ਕਟੌਤੀ ਕਰਨ ਦੇ ਵਿਰੋਧ ’ਚ ਪੀ.ਐੱਸ.ਐਸ ਐਸੋਸੀਏਸ਼ਨ ਪੰਜਾਬ ਦੀ ਜੁਆਇੰਟ ਐਕਸ਼ਨ ਕਮੇਟੀ ਵੱਲੋ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਜ਼ਿਲ੍ਹੇ ਦੇ ਡਾਕਟਰਾਂ ਵੱਲੋ ਸਮੂਹ ਸਿਹਤ ਕੇਦਰਾਂ ਵਿੱਚ ਓ.ਪੀ.ਡੀ ਅਤੇ ਐਮਰਜੈਂਸੀ ਸੇਵਾਵਾਂ ਬੰਦ ਰੱਖੀਆਂ ਗਈਆਂ। ਜੁਆਇੰਟ ਐਕਸ਼ਨ ਕਮੇਟੀ ਦੇ ਸੂਬਾ ਪ੍ਰੈਸ ਸਕੱਤਰ ਡਾ. ਰਾਜ ਕੁਮਾਰ, ਜ਼ਿਲ੍ਹਾ ਜਨਰਲ ਸਕੱਤਰ ਡਾ. ਸਨਮ ਕੁਮਾਰ, ਪ੍ਰਧਾਨ ਡਾ. ਮਨਮੋਹਨ ਸਿੰਘ, ਡਾ. ਜਗਤਾਰ ਸਿੰਘ ਅਤੇ ਡਾ. ਕਪਿਲ ਡੋਗਰਾ, ਡਾ. ਰਾਜਿੰਦਰ ਕੁਮਾਰ ਅਤੇ ਡਾ ਮਨਮੋਹਣ ਸਿੰਘ ਦਰਦੀ ਨੇਸੰਬੋਧਨ ਕੀਤਾ।
ਕਾਹਨੂੰਵਾਨ (ਵਰਿੰਦਰਜੀਤ ਜਾਗੋਵਾਲ): ਕਮਿਊਨਿਟੀ ਹੈਲਥ ਸੈਂਟਰ ਕਾਹਨੂੰਵਾਨ ਵਿੱਚ ਸਮੂਹ ਸਿਹਤ ਕਰਮੀ ਸਰਕਾਰ ਦੁਆਰਾ ਦਿੱਤੇ ਗਏ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਖ਼ਾਰਜ ਕਰਦਿਆਂ ਹੜਤਾਲ ’ਤੇ ਬੈਠੇ। ਸਟਾਫ਼ ਨੇ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦਸੂਹਾ (ਭਗਵਾਨ ਦਾਸ ਸੰਦਲ): ਇਥੇ ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਪੰਜਾਬ ਸਰਕਾਰ ਦੀ 6ਵੀਂ ਪੇ-ਕਮਿਸ਼ਨ ਰਿਪੋਰਟ ਦੇ ਵਿਰੋਧ ’ਚ ਸਿਵਲ ਹਸਪਤਾਲ ਦਸੂਹਾ ਦੇ ਡਾਕਟਰਾਂ ਵੱਲੋ ਓ.ਪੀ.ਡੀ ਸੇਵਾਵਾਂ ਠੱਪ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਸਮੂਹ ਮੈਡੀਕਲ ਅਫਸਰਾਂ, ਆਯੂਰਵੈਦਿਕ, ਹੋਮਿਓਪੈਥੀ ਅਤੇ ਡੈਂਟਲ ਡਾਕਟਰਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਤਲਵਾੜਾ (ਦੀਪਕ ਠਾਕੁਰ): ਪੀਸੀਐਮਐਸ ਐਸੋਸੀਏਸ਼ਨ ਦੇ ਸੱਦੇ ’ਤੇ ਡਾਕਟਰ ਅਤੇ ਪੈਰਾ ਮੈਡੀਕਲ ਅਮਲੇ ਨੇ ਹੜਤਾਲ ਕੀਤੀ ਜਿਸ ਕਾਰਨ ਸਰਕਾਰੀ ਹਸਪਤਾਲਾਂ ’ਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ। ਡਾ. ਵਿਸ਼ਾਲ ਧਰਵਾਲ ਨੇ ਦੱਸਿਆ ਕਿ ਅੱਜ ਪੀਐੱਚਸੀ ਹਾਜੀਪੁਰ ਤੇ ਸੀਅਚੈੱਸੀ ਭੋਲ ਕਲੌਤਾ ਅਤੇ ਕਮਾਹੀ ਦੇਵੀ ਵਿਖੇ ਡਾਕਟਰੀ ਅਮਲੇ ਤੇ ਪੈਰਾ ਮੈਡੀਕਲ ਸਟਾਫ਼ ਨੇ ਕੋਵਿਡ ਅਤੇ ਜ਼ਰੂਰੀ ਸੇਵਾਵਾਂ ਨੂੰ ਛੱਡ ਓਪੀਡੀ ਅਤੇ ਹੋਰ ਸੇਵਾਵਾਂ ਠੱਪ ਰੱਖੀਆਂ। ਹਾਜੀਪੁਰ ’ਚ ਐੱਸਐੱਓ ਡਾ ਸ਼ੈਲੀ ਬਾਜਵਾ, ਐੱਸਐੱਮਓ ਭੋਲ ਕਲੌਤਾ ਡਾ ਅਨੁਪਿੰਦਰ ਮਠੌਣ, ਡਾ ਲਸ਼ਕਰ ਤੇ ਡਾ ਧਾਮੀ ਦੀ ਅਗਵਾਈ ਹੇਠ ਕਮਾਹੀ ਦੇਵੀ ਵਿਖੇ ਡਾਕਟਰੀ ਅਮਲੇ ਤੇ ਪੈਰਾ ਮੈਡੀਕਲ ਸਟਾਫ਼ ਨੇ ਹੜਤਾਲ ਕੀਤੀ।
ਡਾਕਟਰ ਦਰੀ ਵਿਛਾ ਕੇ ਹਸਪਤਾਲ ਦੇ ਬਾਹਰ ਬੈਠੇ
ਪਠਾਨਕੋਟ (ਐੱਨਪੀ ਧਵਨ): ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਵਿੱਚ ਨਾਨ ਪ੍ਰੈਕਟਿਸ ਅਲਾਊਂਸ ਨੂੰ ਬੇਸਿਕ ਤਨਖਾਹ ਨਾਲੋਂ ਡੀਲਿੰਕ ਕਰਨ ਅਤੇ ਐਨਪੀਏ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕੀਤੇ ਜਾਣ ਦੇ ਵਿਰੋਧ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਹੜਤਾਲ ਕੀਤੀ। ਇਸ ਹੜਤਾਲ ਨਾਲ ਹਸਪਤਾਲ ਵਿੱਚ ਪੂਰੀ ਤਰ੍ਹਾਂ ਨਾਲ ਓਪੀਡੀ ਦੀਆਂ ਸੇਵਾਵਾਂ ਬੰਦ ਰਹੀਆਂ। ਕੋਈ ਵੀ ਡਾਕਟਰ ਆਪਣੇ ਕਮਰੇ ਵਿੱਚ ਨਹੀਂ ਗਿਆ। ਹਸਪਤਾਲ ਦੇ ਮੁੱਖ ਗੇਟ ਦੇ ਸਾਹਮਣੇ ਦਰੀਆਂ ਵਿਛਾ ਕੇ ਬੈਠ ਗਏ ਅਤੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਲੱਗੇ। ਪੀਸੀਐਮਐਸ ਐਸੋਸੀਏਸ਼ਨ ਪਠਾਨਕੋਟ ਦੇ ਪ੍ਰਧਾਨ ਡਾ. ਸੁਨੀਲ ਚੰਦ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਆਦੇਸ਼ ਨਾਲ ਡਾਕਟਰਾਂ ਵਿੱਚ ਭਾਰੀ ਰੋਸ ਹੈ। ਇਸ ਮੌਕੇ ਤੇ ਡਾ. ਅਮਿਤ, ਡਾ. ਸ਼ੈਰੀਨ, ਡਾ. ਅਭੇ, ਡਾ. ਸੌਰਭ, ਡਾ. ਮਧੁਰ, ਡਾ. ਗੀਤਿਕਾ, ਡਾ. ਵੰਦਨਾ, ਡਾ. ਸ਼ਵੇਤਾ, ਡਾ. ਅਕਾਸ਼, ਡਾ. ਚੇਤਨਾ, ਡਾ. ਪੁਨੀਤ ਗਿੱਲ ਆਦਿ ਹਾਜ਼ਰ ਸਨ।