ਲੰਡਨ, 25 ਜੂਨ
ਬਰਤਾਨੀਆ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਰੋਨਾਵਾਇਰਸ ਸਬੰਧੀ ਕੌਮੀ ਨੇਮਾਂ ਦੀ ਉਲੰਘਣਾ ਦੀ ਗੱਲ ਕਬੂਲਦਿਆਂ ਮੁਆਫ਼ੀ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਇਕ ਅਖ਼ਬਾਰ ਨੇ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਸਿਹਤ ਮੰਤਰੀ ਇਕ ਔਰਤ ਦੇ ਗਲ਼ੇ ਮਿਲ ਰਹੇ ਸਨ। ਇਸ ਔਰਤ ਨਾਲ ਉਨ੍ਹਾਂ ਦੇ ਕਥਿਤ ਤੌਰ ’ਤੇ ਪ੍ਰੇਮ ਸਬੰਧ ਹਨ।
ਸਿਹਤ ਮੰਤਰੀ ਹੈਨਕੌਕ ਨੇ ਕਰੋਨਾਵਾਇਰਸ ਮਹਾਮਾਰੀ ਤੋਂ ਨਜਿੱਠਣ ਲਈ ਕੀਤੇ ਗਏ ਉਪਰਾਲਿਆਂ ਦੀ ਅਗਵਾਈ ਕੀਤੀ ਹੈ ਅਤੇ ਉਹ ਉਨ੍ਹਾਂ ਸਰਕਾਰੀ ਅਧਿਕਾਰੀਆਂ ਵਿਚ ਸਭ ਤੋਂ ਨਵੇਂ ਹਨ ਜਿਨ੍ਹਾਂ ਉੱਪਰ ਕਰੋਨਾ ਸਬੰਧੀ ਪਾਬੰਦੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਹੈ। ‘ਸਨ’ ਅਖ਼ਬਾਰ ਨੇ ਸਿਹਤ ਵਿਭਾਗ ਦੇ ਇਕ ਦਫ਼ਤਰ ਵਿਚ ਹੈਨਕੌਕ ਵੱਲੋਂ ਇਕ ਸੀਨੀਅਰ ਸਹਿਯੋਗੀ ਨੂੰ ਗਲ਼ੇ ਮਿਲਣ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ। ਅਖ਼ਬਾਰ ਅਨੁਸਾਰ ਸੀਸੀਟੀਵੀ ਦੀ ਇਹ ਫੁਟੇਜ ਤਾਲਾਬੰਦੀ ਸਬੰਧੀ ਨੇਮਾਂ ਜਿਵੇਂ ਕਿ ਗਲ਼ੇ ਮਿਲਣ ਤੇ ਘਰ ਤੋਂ ਬਾਹਰ ਦੇ ਲੋਕਾਂ ਨਾਲ ਸਰੀਰਕ ਸੰਪਰਕ ਬਣਾਉਣ ਦੀ ਛੋਟ ਦਿੱਤੇ ਜਾਣ ਤੋਂ ਗਿਆਰਾਂ ਦਿਨ ਪਹਿਲਾਂ 6 ਮਈ ਦੀ ਹੈ।
ਹੈਨਕੌਕ ਨੇ ਇਕ ਬਿਆਨ ਵਿਚ ਕਿਹਾ, ‘‘ਮੈਂ ਇਹ ਕਬੂਲ ਕਰਦਾ ਹਾਂ ਕਿ ਮੈਂ ਇਨ੍ਹਾਂ ਹਾਲਾਤ ਵਿਚ ਸਮਾਜਿਕ ਦੂਰੀ ਸਬੰਧੀ ਹਦਾਇਤਾਂ ਦੀ ਉਲੰਘਣਾ ਕੀਤੀ। ਮੈਂ ਲੋਕਾਂ ਨੂੰ ਨਿਰਾਸ਼ ਕੀਤਾ, ਜਿਸ ਲਈ ਮੈਨੂੰ ਬਹੁਤ ਅਫ਼ਸੋਸ ਹੈ। ਮੈਂ ਅਜੇ ਵੀ ਦੇਸ਼ ਨੂੰ ਮਹਾਮਾਰੀ ਤੋਂ ਬਚਾਉਣ ਲਈ ਕੰਮ ਕਰਨ ’ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ ਅਤੇ ਇਸ ਨਿੱਜੀ ਮਾਮਲੇ ਵਿਚ ਆਪਣੇ ਪਰਿਵਾਰ ਦੀ ਨਿੱਜਤਾ ਲਈ ਧੰਨਵਾਦੀ ਹੋਵਾਂਗਾ।’’ -ਏਪੀ