ਚੰਡੀਗੜ੍ਹ: ਫਰੀਦਕੋਟ ਬੇਅਦਬੀ ਕਾਂਡ ਵਿੱਚ ਨਿਆਂ ਪ੍ਰਕਿਰਿਆ ਵਿੱਚ ਹੋਈ ਦੇਰੀ ਕਾਰਨ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨ ਮਗਰੋਂ ਹੁਣ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਸ਼ਬਦੀ ਹਮਲੇ ਕੀਤੇ ਹਨ। ਉਨ੍ਹਾਂ ਨੇ ਪਹਿਲੀ ਵਾਰ ਮੰਨਿਆ ਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਬਾਰੇ ਗਠਿਤ ਕੀਤੀ ਗਈ ਵਿਸ਼ੇਸ਼ ਟੀਮ (ਸਿਟ) ਨਿਆਂ ਪ੍ਰਕਿਰਿਆ ਵੱਲ ਹੋਲੀ-ਹੋਲੀ ਵੱਧ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਬਾਰੇ ਸਿਟ ਨੇ ਅੱਜ ਸੁਖਬੀਰ ਸਿੰਘ ਬਾਦਲ ਤੋਂ ਪੁੱਛ-ਪੜਤਾਲ ਵੀ ਕੀਤੀ ਹੈ। ਸ੍ਰੀ ਸਿੱਧੂ ਨੇ ਟਵੀਟ ਕੀਤਾ ਕਿ ਬੇਅਦਬੀ ਕਾਂਡ ਬਾਰੇ ਸੁਖਬੀਰ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਦੋ ਸਾਲਾਂ ਵਿੱਚ ਵੀ ਨਿਆਂ ਨਹੀਂ ਹੋਇਆ ਤੇ ਉਸ ਮਗਰੋਂ ਸਾਢੇ ਚਾਰ ਸਾਲ ਵੀ ਨਿਆਂ ਦੀ ਉਡੀਕ ਹੁੰਦੀ ਰਹੀ। ਹੁਣ ਸਿਟ ਇਨਸਾਫ਼ ਦੀ ਪ੍ਰਕਿਰਿਆ ਵੱਲ ਵੱਧ ਰਹੀ ਹੈ। -ਟਨਸ