ਪੇਈਚਿੰਗ, 25 ਜੂਨ
ਚੀਨ ਦੇ ਹੈਨਾਨ ਪ੍ਰਾਂਤ ਵਿਚ ਅੱਜ ਤੜਕੇ ਇਕ ਮਾਰਸ਼ਲ ਆਰਟ ਬੋਰਡਿੰਗ ਸਕੂਲ ’ਚ ਅੱਗ ਲੱਗ ਗਈ। ਇਸ ਘਟਨਾ ਵਿਚ ਘੱਟੋ-ਘੱਟ 18 ਮੌਤਾਂ ਹੋ ਗਈਆਂ। ਮ੍ਰਿਤਕਾਂ ’ਚ ਜ਼ਿਆਦਾਤਰ ਬੱਚੇ ਸ਼ਾਮਲ ਸਨ। ਇਸ ਦੌਰਾਨ 16 ਹੋਰ ਜਣੇ ਜ਼ਖ਼ਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਜਿਸ ਵੇਲੇ ਮਾਰਸ਼ਲ ਆਰਟ ਸੈਂਟਰ ਵਿਚ ਅੱਗ ਲੱਗੀ ਉਸ ਵੇਲੇ 7 ਤੋਂ 16 ਸਾਲ ਉਮਰ ਦੇ ਬੱਚੇ ਸਕੂਲ ਦੀ ਪਹਿਲੀ ਮੰਜ਼ਿਲ ’ਤੇ ਸੌਂ ਰਹੇ ਸਨ। ਸ਼ੇਚੇਂਗ ਕਾਊਂਟੀ ਵਿੱਚ ਸਥਿਤ ਇਸ ਬੋਰਡਿੰਗ ਸਕੂਲ ਵਿਚ 34 ਵਿਦਿਆਰਥੀ ਦਾਖ਼ਲ ਸਨ। ਹਾਂਗਕਾਂਗ ਆਧਾਰਤ ਸਾਊਥ ਚੀਨ ਮੌਰਨਿੰਗ ਪੋਸਟ ਅਖ਼ਬਾਰ ਨੇ ਸਥਾਨਕ ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਘਟਨਾ ਵਿਚ ਚਾਰ ਲੋਕ ਗੰਭੀਰ ਜ਼ਖ਼ਮੀ ਹੋ ਗਏ ਅਤੇ 12 ਜਣੇ ਮਾਮੂਲੀ ਜ਼ਖ਼ਮੀ ਸਨ। ਇਕ ਪ੍ਰਤੱਖਦਰਸੀ ਨੇ ਦੱਸਿਆ ਕਿ ਉਸ ਨੇ ਬੱਚਿਆਂ ਨੂੰ ਮਦਦ ਲਈ ਚੀਕਦੇ ਹੋਏ ਸੁਣਿਆ। ਉਸ ਨੇ ਕਿਹਾ, ‘‘ਸਾਰੇ ਬੱਚੇ ਚੀਕ-ਚਿਹਾੜਾ ਪਾ ਰਹੇ ਸਨ ਅਤੇ ਅਸੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਨਹੀਂ ਬੁਝੀ। ਅਚਾਨਕ ਅੱਗ ਐਨੀ ਜ਼ਿਆਦਾ ਭੜਕ ਗਈ ਕਿ ਕੋਈ ਵੀ ਬੱਚਿਆਂ ਤੱਕ ਨਹੀਂ ਪਹੁੰਚ ਸਕਿਆ।’’ ਸਥਾਨਕ ਹਸਪਤਾਲ ਦੇ ਸਾਰੇ ਡਾਕਟਰਾਂ ਨੂੰ ਪੀੜਤਾਂ ਦੇ ਇਲਾਜ ’ਤੇ ਲਗਾ ਦਿੱਤਾ ਗਿਆ। ਸਕੂਲ ਦੇ ਮਾਲਕ ਚੇਨ ਲਿਨ ਨੂੰ ਪੁੱਛਗਿਛ ਲਈ ਅਧਿਕਾਰੀਆਂ ਨੇ ਹਿਰਾਸਤ ’ਚ ਲੈ ਲਿਆ ਹੈ। ਐਮਰਜੈਂਸੀ ਪ੍ਰਬੰਧਨ ਮੰਤਰਾਲੇ ਅਨੁਸਾਰ ਪੇਈਚਿੰਗ ਵਿਚ ਅੱਗ ਲੱਗਣ ਦੀ ਇਸ ਘਟਨਾ ’ਚ ਸਕੂਲ ਵਿਚ ਮੌਜੂਦ 34 ਵਿੱਚੋਂ 18 ਵਿਅਕਤੀਆਂ ਦੀ ਮੌਤ ਹੋ ਗਈ। -ਪੀਟੀਆਈ