ਦਿਲਬਾਗ ਸਿੰਘ ਗਿੱਲ
ਅਟਾਰੀ, 26 ਜੂਨ
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦਾ ਜਥਾ ਦਿੱਲੀ ਦੀਆਂ ਹੱਦਾਂ ’ਤੇ ਸ਼ਮੂਲੀਅਤ ਕਰਨ ਲਈ 87ਵਾਂ ਜਥਾ ਅੱਜ ਮਹਿੰਦਰ ਸਿੰਘ ਧਨੋਏ, ਕੁਲਵੰਤ ਸਿੰਘ ਮੱਲੂਨੰਗਲ ਅਤੇ ਬਲਦੇਵ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਤੋਂ ਦਿੱਲੀ ਵੱਲ ਰਵਾਨਾ ਹੋਇਆ। ਜਥੇ ਦੀ ਰਵਾਨਗੀ ਸਮੇਂ ਪੁੱਜੇ ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਕੇਂਦਰ ਸਰਕਾਰ ਵੱਲੋਂ ਬੇਲੋੜੇ ਤਿੰਨ ਕਾਲੇ ਕਾਨੂੰਨਾਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਸਮੁੱਚੇ ਕਿਸਾਨਾਂ ਦੀ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਬਰਬਾਦੀ ਹੋਵੇਗੀ। ਡੀਜ਼ਲ ਤੇ ਪੈਟਰੋਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਸਬੰਧੀ ਰੰਧਾਵਾ ਨੇ ਕਿਹਾ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਤੇਲ ਤੋਂ 20 ਲੱਖ 90000 ਰੁਪਏ ਐਕਸਾਈਜ਼ ਟੈਕਸ ਰਾਹੀਂ ਹੀ ਬਟੋਰ ਲਏ ਹਨ। ਇੱਥੋਂ ਤੱਕ ਕਿ ਰਸੋਈ ਗੈਸ ’ਤੇ ਦਿੱਤੀ ਜਾਂਦੀ ਸਬਸਿਡੀ 250 ਰੁਪਏ ਤੋਂ ਘਟਾ ਕੇ 27 ਰੁਪਏ ਕਰ ਦਿੱਤੀ ਗਈ ਹੈ। ਇਸ ਮੌਕੇ ਵਿਰਸਾ ਸਿੰਘ, ਬਲਦੇਵ ਸਿੰਘ ਸੈਦਪੁਰ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਮੁਖਤਾਰ ਸਿੰਘ ਮੁਹਾਵਾ ਨੇ ਵੀ ਸੰਬੋਧਨ ਕੀਤਾ।